ਨਵੀਂ ਦਿੱਲੀ, 22 ਨਵੰਬਰ
ਸੁਪਰੀਮ ਕੋਰਟ ਨੇ ਆਸ ਜਤਾਈ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਬਿਮਾਨ ਬੈਨਰਜੀ, ਮੁਕੁਲ ਰਾਏ ਨੂੰ ਸਦਨ ਦੇ ਮੈਂਬਰ ਵਜੋਂ ਅਯੋਗ ਠਹਿਰਾਉਣ ਸਬੰਧੀ ਅਰਜ਼ੀ ’ਤੇ ਛੇਤੀ ਕੋਈ ਫ਼ੈਸਲਾ ਲੈਣਗੇ। ਅਰਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਦੀ ਟਿਕਟ ’ਤੇ ਚੋਣ ਜਿੱਤਣ ਮਗਰੋਂ ਉਹ ਪਾਲਾ ਬਦਲ ਕੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਹਨ।
ਜਸਟਿਸ ਐੱਲ ਨਾਗੇਸ਼ਵਰ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਦੋ ਵੱਖ ਵੱਖਰੀਆਂ ਅਪੀਲਾਂ ’ਤੇ ਸੁਣਵਾਈ ਕੀਤੀ ਜੋ ਵਿਧਾਨ ਸਭਾ ਸਪੀਕਰ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਰਿਟਰਨਿੰਗ ਅਫ਼ਸਰ ਵੱਲੋਂ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਦਾਖ਼ਲ ਕੀਤੀਆਂ ਗਈਆਂ ਹਨ। ਹਾਈ ਕੋਰਟ ਨੇ 28 ਸਤੰਬਰ ਨੂੰ ਸਪੀਕਰ ਨੂੰ ਕਿਹਾ ਸੀ ਕਿ ਉਹ ਰਾਏ ਖ਼ਿਲਾਫ਼ ਅਰਜ਼ੀ ’ਤੇ 7 ਅਕਤੂਬਰ ਤੱਕ ਫ਼ੈਸਲਾ ਲੈਣ। ਸੁਪਰੀਮ ਕੋਰਟ ਨੇ ਅਪੀਲਾਂ ’ਤੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਕਿਉਂਕਿ ਸਪੀਕਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਏ ਐੱਮ ਸਿੰਘਵੀ ਨੇ ਦੱਸਿਆ ਕਿ ਅਯੋਗ ਠਹਿਰਾਉਣ ਸਬੰਧੀ ਅਰਜ਼ੀ ’ਤੇ ਸਪੀਕਰ ਵੱਲੋਂ 21 ਦਸੰਬਰ ਨੂੰ ਸੁਣਵਾਈ ਕੀਤੀ ਜਾਣੀ ਹੈ। ਬੈਂਚ ਨੇ ਅਗਲੇ ਸਾਲ ਜਨਵਰੀ ’ਤੇ ਕੇਸ ਦੀ ਸੁਣਵਾਈ ਨਿਰਧਾਰਿਤ ਕਰਦਿਆਂ ਆਸ ਜਤਾਈ ਕਿ ਸਪੀਕਰ 21 ਦਸੰਬਰ ਨੂੰ ਇਸ ਮਾਮਲੇ ’ਤੇ ਕਾਨੂੰਨ ਮੁਤਾਬਕ ਕੋਈ ਫ਼ੈਸਲਾ ਲੈ ਲੈਣਗੇ। ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ 17 ਜੂਨ ਨੂੰ ਸਪੀਕਰ ਕੋਲ ਰਾਏ ਨੂੰ ਅਯੋਗ ਠਹਿਰਾਉਣ ਦੀ ਅਰਜ਼ੀ ਦਿੱਤੀ ਸੀ। -ਪੀਟੀਆਈ