ਨਵੀਂ ਦਿੱਲੀ, 3 ਫਰਵਰੀ
ਕੇਂਦਰ ਨੇ ਕਿਹਾ ਕਿ ਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਨ ਪਰ ਇਸ ਸਬੰਧ ’ਚ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ। ਨੀਤੀ ਆਯੋਗ ਮੈਂਬਰ (ਸਿਹਤ) ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ’ਚ ਸੁਧਾਰ ਆ ਰਿਹਾ ਹੈ ਤੇ ਨਵੇਂ ਕਰੋਨਾ ਕੇਸਾਂ ਦੀ ਗਿਣਤੀ ’ਚ ਵੀ ਕਮੀ ਆ ਰਹੀ ਹੈ। ਹੁਣ ਅਸੀਂ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਾਂ।
ਸ੍ਰੀ ਪੌਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ,‘ਮਹਾਮਾਰੀ ਦੀ ਸਥਿਤੀ ’ਚ ਸੁਧਾਰ ਆ ਗਿਆ ਹੈ। ਕੁਝ ਸੂਬਿਆਂ ਤੇ ਜ਼ਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਹੈ ਪਰ ਸਮੁੱਚੇ ਤੌਰ ’ਤੇ ਲਾਗ ਦੇ ਫੈਲਾਅ ’ਚ ਕਮੀ ਆਈ ਹੈ। ਕੁੱਲ 268 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਿਟੀ ਦਰ 5 ਫ਼ੀਸਦੀ ਤੋਂ ਘੱਟ ਹੈ ਤੇ ਸਪੱਸ਼ਟ ਤੌਰ ’ਤੇ ਇਹ ਜ਼ਿਲ੍ਹੇ ਗੈਰ-ਕੋਵਿਡ ਕੇਅਰ ਦੀ ਦਿਸ਼ਾ ਤੇ ਦੂਜੀਆਂ ਆਰਥਿਕ ਤੇ ਸਕੂਲ ਮੁੜ ਖੋਲ੍ਹਣ ਜਿਹੀਆਂ ਗਤੀਵਿਧੀਆਂ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ।’ ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ 11 ਸੂਬਿਆਂ ਵਿੱਚ ਸਕੂਲ ਮੁਕੰਮਲ ਤੌਰ ’ਤੇ ਖੁੱਲ੍ਹ ਚੁੱਕੇ ਹਨ ਜਦਕਿ 16 ਸੂਬਿਆਂ ਵਿੱਚ ਵੱਡੀਆਂ ਜਮਾਤਾਂ ਲਈ ਅੰਸ਼ਿਕ ਤੌਰ ’ਤੇ ਅਤੇ 9 ਸੂਬਿਆਂ ਵਿੱਚ ਅਜੇ ਵੀ ਬੰਦ ਹਨ। ਮੁਲਕ ਵਿੱਚ ਬੰਦ ਸਕੂਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੂਬਿਆਂ ਵਿੱਚ ਘੱਟੋ-ਘੱਟ 95 ਫ਼ੀਸਦੀ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਦਾ ਟੀਕਾਕਰਨ ਹੋ ਚੁੱਕਾ ਹੈ ਜਦਕਿ ਕੁਝ ਸੂਬਿਆਂ ਵਿੱਚ ਸਕੂਲਾਂ ’ਚ ਸਟਾਫ਼ ਦਾ ਸੌ ਫ਼ੀਸਦੀ ਤੱਕ ਟੀਕਾਕਰਨ ਹੋ ਚੁੱਕਾ ਹੈ। ਸ੍ਰੀ ਪੌਲ ਨੇ ਕਿਹਾ,‘ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸਕੂਲ ਮੁੜ ਖੋਲ੍ਹਣ ਦਾ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ ਪਰ ਇਹ ਸਪੱਸ਼ਟ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹਾਂਗੇ ਕਿ ਸਕੂਲ ਪ੍ਰੋਟੋਕੋਲਾਂ ਤੇ ਐੱਸਓਪੀਜ਼ ਮੁਤਾਬਕ ਖੁੱਲ੍ਹਣ ਤੇ ਚੱਲਣ ਕਿਉਂਕਿ ਅਜੇ ਵੀ ਅਸੀਂ ਇਸ ਮਹਾਮਾਰੀ ਦੇ ਅੱਧਵਾਟੇ ਹੀ ਹਾਂ।’ ਸਿੱਖਿਆ ਮੰਤਰਾਲੇ ਦੀ ਜੁਆਇੰਟ ਸਕੱਤਰ ਸਵੀਟੀ ਚਾਂਗਸਨ ਨੇ ਇੱਕ ਮੀਡੀਆ ਕਾਨਫਰੰਸ ਮੌਕੇ ਕਿਹਾ,‘ਵੱਡੇ ਪੱਧਰ ’ਤੇ ਹੋਏ ਟੀਕਾਕਰਨ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਦਸੰਬਰ ਵਿੱਚ ਸੂਬਿਆਂ ਨੂੰ ਸੋਧੇ ਹੋਏ ਦਿਸ਼ਾ-ਨਿਰਦੇਸ਼ ਭੇਜੇ ਸਨ ਤੇ ਮਾਪਿਆਂ ਤੋਂ ਮਨਜ਼ੂਰੀ ਲੈਣ ਦਾ ਫ਼ੈਸਲਾ ਸੂਬਿਆਂ ’ਤੇ ਛੱਡ ਦਿੱਤਾ ਗਿਆ ਸੀ।’ -ਪੀਟੀਆਈ
ਦੇਸ਼ ’ਚ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 15,33,921 ਹੋਈ
ਨਵੀਂ ਦਿੱਲੀ: ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 1,72,433 ਨਵੇਂ ਮਰੀਜ਼ ਆਉਣ ਨਾਲ ਮਹਾਮਾਰੀ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 4,18,03,318 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 15,33,921 ਰਹਿ ਗਈ ਹੈ ਜੋ ਕਿ ਕੁੱਲ ਕੇਸਾਂ ਦਾ 3.67 ਫ਼ੀਸਦ ਹੈ।। ਇਹ ਜਾਣਕਾਰੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਨੇ ਅੰਕੜੇ ਜਾਰੀ ਕਰ ਕੇ ਦਿੱਤੀ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਦੇਸ਼ ਭਰ ਵਿਚ ਹੋਈਆਂ 1008 ਮੌਤਾਂ ਨਾਲ ਦੇਸ਼ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,98,983 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 1.19 ਫ਼ੀਸਦ ਹੈ। ਇਨ੍ਹਾਂ ਤਾਜ਼ਾ ਮੌਤਾਂ ਵਿੱਚੋਂ 500 ਮੌਤਾਂ ਇਕੱਲੇ ਕੇਰਲ ’ਚ ਹੋਈਆਂ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ ਘੱਟ ਕੇ 95.14 ਫ਼ੀਸਦ ਰਹਿ ਗਈ ਹੈ। ਪਿਛਲੇ 24 ਘੰਟਿਆਂ ਵਿਚ ਐਕਟਿਵ ਕੇਸਾਂ ਦੀ ਗਿਣਤੀ ਵਿਚ 87,682 ਮਾਮਲਿਆਂ ਦਾ ਨਿਘਾਰ ਦੇਖਿਆ ਗਿਆ ਹੈ। -ਪੀਟੀਆਈ
34 ਸੂਬਿਆਂ ਤੇ ਯੂਟੀਜ਼ ’ਚ ਕੋਵਿਡ ਦੇ ਮਾਮਲੇ ਤੇ ਪਾਜ਼ੇਟਿਵਿਟੀ ਦਰ ਘਟੀ
ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਕਰਨਾਟਕ, ਮਹਾਰਾਸ਼ਟਰ ਅਤੇ ਤਾਮਿਲਨਾਡੂ ਸਣੇ 34 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰੋਨਾਵਾਇਰਸ ਦੇ ਕੇਸਾਂ ਅਤੇ ਪਾਜ਼ੇਟਿਵਿਟੀ ਦਰ ਵਿਚ ਨਿਘਾਰ ਦਰਜ ਕੀਤਾ ਗਿਆ ਹੈ ਜਦਕਿ ਕੇਰਲ ਤੇ ਮਿਜ਼ੋਰਮ ਵਿਚ ਅਜੇ ਵੀ ਕੇਸਾਂ ਤੇ ਪਾਜ਼ੇਟਿਵਿਟੀ ਦਰ ਵਿਚ ਵਾਧਾ ਜਾਰੀ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਮਹਾਮਾਰੀ ਦੇ ਹਾਲਾਤ ਵਿਚ ਸੁਧਾਰ ਹੋਇਆ ਹੈ ਅਤੇ ਕੋਵਿਡ ਲਾਗ ਦਾ ਫੈਲਾਅ ਘਟਿਆ ਹੈ। 268 ਜ਼ਿਲ੍ਹਿਆਂ ਵਿਚ ਪਾਜ਼ੇਟਿਵਿਟੀ ਦਰ 5 ਫੀਸਦ ਤੋਂ ਘੱਟ ਹੈ। ਸਰਕਾਰ ਨੇ ਕਿਹਾ ਕਿ ਕਰੋਨਾ ਵਿਰੋਧੀ ਟੀਕੇ ਲਗਾਉਣ ਦੇ ਕੰਮ ਵਿਚ ਤੇਜ਼ੀ ਆਉਣ ਤੋਂ ਬਾਅਦ ਹੀ ਕੋਵਿਡ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟੀ ਹੈ। -ਪੀਟੀਆਈ