ਮੁੰਬਈ: ਵਿਦੇਸ਼ੀ ਬਾਜ਼ਾਰਾਂ ਵਿੱਚ ਅਮਰੀਕੀ ਡਾਲਰ ਲਗਾਤਾਰ ਮਜ਼ਬੂਤ ਬਣੇ ਰਹਿਣ ਅਤੇ ਨਿਵੇਸ਼ਕਾਂ ਵਿੱਚ ਜੋਖਮ ਤੋਂ ਦੂਰ ਰਹਿਣ ਦੀ ਭਾਵਨਾ ਹਾਵੀ ਰਹਿਣ ਕਾਰਨ ਅੱਜ ਰੁਪਇਆ 19 ਪੈਸੇ ਡਿੱਗ ਕੇ 80.98 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ’ਚ ਭਾਰਤੀ ਰੁਪਿਆ ਪਹਿਲੀ ਵਾਰ 81 ਦਾ ਅੰਕ ਵੀ ਪਾਰ ਕਰ ਗਿਆ। ਇੱਕ ਵੇਲੇ ਰੁਪਿਆ 81.23 ਰੁਪਏ ਤੱਕ ਡਿਗ ਗਿਆ ਸੀ। ਹਾਲਾਂਕਿ ਬਾਅਦ ’ਚ ਰੁਪਏ ਦੀ ਸਥਿਤੀ ’ਚ ਥੋੜ੍ਹਾ ਸੁਧਾਰ ਹੋਇਆ ਅਤੇ ਕਾਰੋਬਾਰ ਦੇ ਅੰਤ ’ਚ ਇਹ 80.98 ਰੁਪਏ ਪ੍ਰਤੀ ਡਾਲਰ ਦੇ ਭਾਅ ’ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਰੁਪਏ ’ਚ 19 ਪੈਸੇ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਰੁਪਿਆ ਇਕ ਹੀ ਦਿਨ ’ਚ 83 ਪੈਸੇ ਦੀ ਗਿਰਾਵਟ ਨਾਲ 80.79 ਰੁਪਏ ਪ੍ਰਤੀ ਡਾਲਰ ਦੇ ਭਾਅ ’ਤੇ ਰਿਹਾ ਸੀ। ਇਸੇ ਤਰ੍ਹਾਂ ਗਲੋਬਲ ਬਾਜ਼ਾਰਾਂ ਦੇ ਨਰਮ ਰੁਖ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 1,020.80 ਅੰਕ ਭਾਵ 1.73 ਫੀਸਦੀ ਦੀ ਗਿਰਾਵਟ ਨਾਲ 58,098.92 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 1,137.77 ਅੰਕ ਤੱਕ ਡਿੱਗ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 302.45 ਅੰਕ ਭਾਵ 1.72 ਫੀਸਦੀ ਦੀ ਗਿਰਾਵਟ ਨਾਲ 17,327.35 ’ਤੇ ਬੰਦ ਹੋਇਆ। -ਪੀਟੀਆਈ