ਕੋਲਕਾਤਾ, 3 ਮਈ
ਦੇਸ਼ ’ਚ ਬਣੇ ਮੌਜੂਦਾ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਵੰਡੀਆਂ ਪਾਉਣ ਦੀ ਸਿਆਸਤ ਨੂੰ ਦੇਸ਼ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹ ਅੱਜ ਰੈੱਡ ਰੋਡ ’ਤੇ ਈਦ-ਉਲ-ਫਿਤਰ ਦੀ ਨਮਾਜ਼ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦੇਣ ਪਹੁੰਚੇ ਹੋਏ ਸਨ। ਉਨ੍ਹਾਂ ਲੋਕਾਂ ਨੂੰ ਚੰਗੇਰੇ ਭਵਿੱਖ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਤਾਕਤਾਂ ਖ਼ਿਲਾਫ਼ ਲੜਨ ਦਾ ਸੱਦਾ ਵੀ ਦਿੱਤਾ ਜੋ ਦੇਸ਼ ’ਚ ਵੰਡੀਆਂ ਪਾਉਣ ਤੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਦੋ ਸਾਲ ਮਗਰੋਂ ਤੁਹਾਨੂੰ ਇਸ ਇਤਿਹਾਸਕ ਥਾਂ ’ਤੇ ਈਦ ਦੀ ਨਮਾਜ਼ ਮੌਕੇ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ। ਅਜਿਹਾ ਹੋਰ ਕਿਤੇ ਨਹੀਂ ਹੋਇਆ। ਦੇਸ਼ ’ਚ ਹਾਲਾਤ ਠੀਕ ਨਹੀਂ ਹਨ। ਦੇਸ਼ ਵਿੱਚ ਵੰਡੀਆਂ ਪਾਓ ਤੇ ਰਾਜ ਕਰੋ ਦੀ ਨੀਤੀ ਅਤੇ ਲੋਕਾਂ ਨੂੰ ਅਲੱਗ-ਥਲੱਗ ਕਰਨ ਦੀ ਸਿਆਸਤ ਠੀਕ ਨਹੀਂ ਹੈ।’ ਉਨ੍ਹਾਂ ਕਿਹਾ, ‘ਕੁਝ ਈਰਖਾ ਕਰਨ ਵਾਲੇ ਲੋਕ ਹਨ ਜੋ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਸ ’ਚ ਵੰਡਣਾ ਚਾਹੁੰਦੇ ਹਨ। ਡਰੋ ਨਾ ਤੇ ਲੜਾਈ ਜਾਰੀ ਰੱਖੋ।’ ਇੱਥੇ 14000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਈਸ਼ਵਰ ਅੱਲ੍ਹਾ ਤੇਰੋ ਨਾਮ, ਸਬ ਕੋ ਸਨਮਤੀ ਦੇ ਭਗਵਾਨ।’
ਮਮਤਾ ਬੈਨਰਜੀ ਨੇ ਕਿਹਾ, ‘ਮੈ ਤੁਹਾਨੂੰ ਅਪੀਲ ਕਰਦੀ ਹਾਂ ਕਿ ਇਕੱਠੇ ਹੋ ਕੇ ਉਨ੍ਹਾਂ ਲੋਕਾਂ ਖ਼ਿਲਾਫ਼ ਲੜੋ ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਤੇ ਲੋਕਾਂ ਨੂੰ ਦਬਾਉਣਾ ਚਾਹੁੰਦੇ ਹਨ। ਅਸੀਂ ਮਿਲ ਕੇ ਉਨ੍ਹਾਂ ਦਾ ਸਫਾਇਆ ਕਰ ਦੇਵਾਂਗੇ।’ ਉਨ੍ਹਾਂ ਕਿਹਾ, ‘ਖੁਸ਼ ਰਹੋ ਤੇ ਮੇਰੇ ’ਚ ਯਕੀਨ ਰੱਖੋ। ਮੈਂ ਵਾਅਦਾ ਕਰਦੀ ਹਾਂ ਕਿ ਜਦੋਂ ਤੱਕ ਮੈਂ ਜਿਊਂਦੀ ਹਾਂ ਮੈਂ ਲੋਕਾਂ ਦੇ ਹੱਕਾਂ ਲਈ ਲੜਦੀ ਰਹਾਂਗੀ, ਫਿਰ ਭਾਵੇਂ ਉਹ ਮੁਸਲਿਮ ਹੋਵੇ, ਹਿੰਦੂ, ਸਿੱਖ ਜਾਂ ਜੈਨ ਹੋਵੇ।’
ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਉਹ ਬੰਗਾਲ ਦੇ ਲੋਕਾਂ ਦੇ ਏਕੇ ਤੋਂ ਈਰਖਾ ਕਰਦੇ ਹਨ ਤੇ ਇਸੇ ਲਈ ਉਹ ਮੈਨੂੰ ਪ੍ਰੇਸ਼ਾਨ ਕਰਦੇ ਹਨ। ਮੈਂ ਉਨ੍ਹਾਂ ਤੋਂ ਨਹੀਂ ਡਰਦੀ। ਮੈਨੂੰ ਲੜਨਾ ਆਉਂਦਾ ਹੈ।’ -ਪੀਟੀਆਈ
ਖਰਗੋਨ: ਲੋਕਾਂ ਨੇ ਘਰਾਂ ਵਿੱਚ ਮਨਾਈ ਈਦ
ਭੁਪਾਲ/ਖਰਗੋਨ: ਮੱਧ ਪ੍ਰਦੇਸ਼ ਦੇ ਹਿੰਸਾ ਪ੍ਰਭਾਵਿਤ ਖਰਗੋਨ ਸ਼ਹਿਰ ’ਚ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਰਫ਼ਿਊ ’ਚ ਕੋਈ ਢਿੱਲ ਨਹੀਂ ਦਿੱਤੀ ਅਤੇ ਲੋਕਾਂ ਨੂੰ ਘਰਾਂ ’ਚ ਹੀ ਈਦ ਤੇ ਅਕਸ਼ੈ ਤ੍ਰਿਤਿਆ ਮਨਾਉਣ ਲਈ ਕਿਹਾ। ਅਧਿਕਾਰੀਆਂ ਨੇ ਸ਼ਹਿਰ ’ਚ ਤਣਾਅ ਨੂੰ ਦੇਖਦਿਆਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਮੰਗਲਵਾਰ ਨੂੰ ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ। ਐੱਸਡੀਐੱਮ ਮਿਲਿੰਦ ਢੋਕੇ ਨੇ ਸੋਮਵਾਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਫਿਰਕਿਆਂ ਦੇ ਮੈਂਬਰਾਂ ਨੇ ਆਪਣੇ ਘਰਾਂ ’ਚ ਹੀ ਤਿਉਹਾਰ ਮਨਾਉਣ ਦੀ ਸਹਿਮਤੀ ਪ੍ਰਗਟਾਈ ਹੈ ਅਤੇ ਸ਼ਹਿਰ ’ਚ ਸ਼ਾਂਤੀ ਕਾਇਮ ਰੱਖਣ ਲਈ ਕਰਫ਼ਿਊ ’ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ 2 ਅਤੇ 3 ਮਈ ਨੂੰ 24 ਘੰਟੇ ਦੇ ਕਰਫ਼ਿਊ ਦਾ ਐਲਾਨ ਕੀਤਾ ਸੀ ਪਰ ਸੋਮਵਾਰ ਨੂੰ ਕਰਫ਼ਿਊ ’ਚ 9 ਘੰਟਿਆਂ ਦੀ ਢਿੱਲ ਦਿੱਤੀ ਸੀ। ਖਰਗੋਨ ਦੇ ਐੱਸਪੀ ਰੋਹਿਤ ਕਾਸ਼ਵਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਵਧਾਉਣ ਲਈ ਵਾਧੂ ਨਫ਼ਰੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਾਲਾਤ ’ਤੇ ਨਜ਼ਰ ਰੱਖਣ ਲਈ ਡਰੋਨ ਅਤੇ 171 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਖਰਗੋਨ ’ਚ 14 ਅਪਰੈਲ ਨੂੰ ਹਿੰਸਾ ਹੋਈ ਸੀ ਜਿਸ ਮਗਰੋਂ ਕਰਫ਼ਿਊ ਲਗਾ ਦਿੱਤਾ ਗਿਆ ਸੀ। -ਪੀਟੀਆਈ