ਨਵੀਂ ਦਿੱਲੀ: ਤਾਮਿਲਨਾਡੂ ਦੇ ਰਾਜਪਾਲ ਵੱਲੋਂ ‘ਨੀਟ’ ਤੋਂ ਛੋਟ ਬਾਰੇ ਬਿੱਲ ਨੂੰ ਮਨਜ਼ੂਰੀ ਨਾ ਦੇਣ ਖ਼ਿਲਾਫ਼ ਅੱਜ ਰਾਜ ਸਭਾ ਵਿਚ ਕਾਫੀ ਹੰਗਾਮਾ ਹੋਇਆ। ਡੀਐਮਕੇ ਤੇ ਕਾਂਗਰਸ ਮੈਂਬਰਾਂ ਨੇ ਇਸ ਦੌਰਾਨ ਵਾਕਆਊਟ ਕੀਤਾ। ਡੀਐਮਕੇ ਮੈਂਬਰਾਂ ਨੇ ਇਹ ਮੁੱਦਾ ਸਿਫ਼ਰ ਕਾਲ ਦੌਰਾਨ ਉਠਾਇਆ ਪਰ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਵਿਚਾਰ-ਚਰਚਾ ਦੀ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਚਰਚਾ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਕੀਤੀ ਜਾ ਸਕਦੀ ਹੈ। ਡੀਐਮਕੇ ਮੈਂਬਰਾਂ ਨੇ ਇਸੇ ਦੌਰਾਨ ਚੇਅਰਮੈਨ ਦੇ ਅੱਗੇ ਆ ਕੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਸਾਥ ਕਾਂਗਰਸ ਮੈਂਬਰਾਂ ਨੇ ਵੀ ਦਿੱਤਾ ਤੇ ਉਹ ਵਾਕਆਊਟ ਕਰ ਗਏ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਸਰਕਾਰ ‘ਨੀਟ’ ਪ੍ਰੀਖਿਆ ਤੋਂ ਛੋਟ ਦੇਣ ਦੀ ਮੰਗ ਕਰ ਰਹੀ ਹੈ। -ਪੀਟੀਆਈ