ਚੇਨਈ, 12 ਅਗਸਤ
ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਵੀ ਪੀ ਦੁਰਾਈਸਾਮੀ ਨੇ ਦਾਅਵਾ ਕੀਤਾ ਹੈ ਕਿ ਤਾਮਿਲ ਨਾਡੂ ’ਚ ਭਾਜਪਾ ਦੀ ਚੜ੍ਹਤ ਨੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ 2021 ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੁਕਾਬਲਾ ਭਾਜਪਾ ਅਤੇ ਡੀਐੱਮਕੇ ਵਿਚਕਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਕੌਮੀ ਪਾਰਟੀ ਹੋਣ ਕਰ ਕੇ ਭਾਜਪਾ ਨੂੰ ਗੱਠਜੋੜ ਦੀ ਅਗਵਾਈ ਕਰਨ ਦਾ ਅਧਿਕਾਰ ਹੈ। ਭਾਜਪਾ ਨਾਲ 2019 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨ ਵਾਲੀ ਅੰਨਾ ਡੀਐੱਮਕੇ ਨੇ ਦੁਰਾਈਸਾਮੀ ਦੇ ਬਿਆਨ ’ਤੇ ਬਹੁਤਾ ਧਿਆਨ ਨਾ ਧਿਆਨ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ’ਚ ਤਾਂ ਹੀ ਜਵਾਬ ਦੇਣਗੇ ਜੇਕਰ ਭਗਵਾਂ ਪਾਰਟੀ ਇਸ ਦੀ ਮੰਗ ਕਰੇਗੀ। ਡੀਐੱਮਕੇ ਦੇ ਵਿਧਾਇਕ ਕੂ ਕਾ ਸੇਲਵਮ ਨੇ ਪਿਛਲੇ ਹਫ਼ਤੇ ਦਿੱਲੀ ’ਚ ਭਾਜਪਾ ਪ੍ਰਧਾਨ ਜੇ ਪੀ ਨੱਢਾ ਨਾਲ ਮੁਲਾਕਾਤ ਕੀਤੀ ਹੈ ਜਿਸ ਨਾਲ ਭਾਜਪਾ ਨੂੰ ਹੋਰ ਹੱਲਾਸ਼ੇਰੀ ਮਿਲੀ ਹੈ। ਦੁਰਾਈਸਾਮੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਗੱਠਜੋੜ ਚੋਣਾਂ ਜਿੱਤੇਗਾ ਅਤੇ ਸੂਬੇ ’ਚ ਉਹ ਸਰਕਾਰ ਬਣਾਉਣਗੇ। ਊਂਜ ਉਸ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਹਨ ਅਤੇ ਗੱਠਜੋੜ ਬਾਰੇ ਫ਼ੈਸਲਾ ਪਾਰਟੀ ਲੀਡਰਸ਼ਿਪ ਨੇ ਲੈਣਾ ਹੈ। -ਪੀਟੀਆਈ
ਹਿੰਦੀ ਨੂੰ ਰਾਸ਼ਟਰਵਾਦ ਨਾਲ ਜੋੜਨਾ ਸ਼ਰਮਨਾਕ: ਕਨਮੋੜੀ
ਡੀਐੱਮਕੇ ਦੀ ਸੰਸਦ ਮੈਂਬਰ ਕਨੀਮੋੜੀ ਨੇ ਕਿਹਾ ਕਿ ਹਿੰਦੀ ਨੂੰ ਰਾਸ਼ਟਰਵਾਦ ਨਾਲ ਜੋੜਨ ਦਾ ਮੁੱਦਾ ਸ਼ਰਮਨਾਕ ਹੈ। ਕਨੀਮੋੜੀ ਨੇ ਕਿਹਾ ਕਿ ਉਸ ਨੇ ਸਕੂਲ ’ਚ ਕਦੇ ਵੀ ਹਿੰਦੀ ਨਹੀਂ ਪੜ੍ਹੀ ਜਿਥੇ ਸਿਰਫ਼ ਤਾਮਿਲ ਅਤੇ ਅੰਗਰੇਜ਼ੀ ਹੀ ਪੜ੍ਹਾਈ ਜਾਂਦੀ ਸੀ। ਇਥੋਂ ਤੱਕ ਕਿ ਦਿੱਲੀ ’ਚ ਪੜ੍ਹਾਈ ਦੌਰਾਨ ਵੀ ਉਸ ਨੇ ਹਿੰਦੀ ਨਹੀਂ ਸਿੱਖੀ। ਉਨ੍ਹਾਂ ਉਮੀਦ ਜਤਾਈ ਕਿ ਲੋਕ ਖੇਤਰੀ ਭਾਸ਼ਾਵਾਂ ਨੂੰ ਬਣਦਾ ਮਾਣ-ਸਨਮਾਨ ਦੇਣਾ ਸ਼ੁਰੂ ਕਰਨਗੇ। ਜਿ਼ਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚੇਨਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਕੰਨੀਮੋੜੀ ਨੇ ਜਦੋਂ ਸੀਆਈਐਸੱਐੱਫ ਦੇ ਅਫਸ਼ਰ ਨੂੰ ਤਾਮਿਲ ਜਾਂ ਅੰਗਰੇਜ਼ੀ ’ਚ ਗੱਲ ਕਰਨ ਲਈ ਕਿਹਾ ਸੀ ਤਾਂ ਊਸ ਨੇ ਕੰਨੀਮੋੜੀ ਨੂੰ ਨਾਗਰਿਕਤਾ ਊੱਤੇ ਸਵਾਲ ਕੀਤਾ ਸੀ। -ਪੀਟੀਆਈ