ਕੋਇੰਬਟੂਰ, 1 ਅਪਰੈਲ
ਡੀਐੱਮਕੇ ਦੇ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ (ਯੋਗੀ) ਕੋਲ ਔਰਤਾਂ ਦੀ ਸੁਰੱਖਿਆ ਸਬੰਧੀ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦੀ ਪਾਰਟੀ ’ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਗਾਏ ਸਨ। ਸ੍ਰੀ ਸਟਾਲਿਨ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਕੇਂਦਰ ਸਰਕਾਰ ਦੇ ਰਿਕਾਰਡ ਮੁਤਾਬਕ ਔਰਤਾਂ ਖ਼ਿਲਾਫ਼ ਸਭ ਤੋਂ ਵੱਧ ਅਪਰਾਧ ਤੇ ਜਿਨਸੀ ਹਮਲੇ ਉੱਤਰ ਪ੍ਰਦੇਸ਼ ਵਿੱਚ ਹੀ ਹੁੰਦੇ ਹਨ ਅਤੇ ਉਸ ਰਾਜ ਦਾ ਮੁੱਖ ਮੰਤਰੀ ਔਰਤਾਂ ਦੇ ਮੁੱਦਿਆਂ ’ਤੇ ਡੀਐੱਮਕੇ ’ਤੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਕਿਹਾ, ‘‘ਯੋਗੀ ਆਦਿੱਤਿਆਨਾਥ ਕੋਲ ਡੀਐੱਮਕੇ ’ਤੇ ਦੋਸ਼ ਲਾਉਣ ਦਾ ਕੀ ਨੈਤਿਕ ਅਧਿਕਾਰ ਹੈ।’’ ਇਹ ਸਵਾਲ ਅੱਜ ਸਟਾਲਿਨ ਨੇ ਸ਼ਹਿਰ ਦੇ ਕੁੰਡਮਪਲਾਯਮ ਵਿੱਚ ਇਕ ਚੋਣ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਯੋਗੀ ਆਦਿੱਤਿਆਨਾਥ ਨੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਹੋਈ ਭੇਤ-ਭਰੀ ਮੌਤ ਦਾ ਵੇਰਵਾ ਨਹੀਂ ਮੰਗਿਆ ਜਦੋਂਕਿ ਉਹ ਵੀ ਇਕ ਔਰਤ ਸੀ।
ਇਸੇ ਦੌਰਾਨ ਮੇਤੂਪਲਾਯਮ ਨੇੜੇ ਹੋਈ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ 2 ਅਪਰੈਲ ਨੂੰ ਜਦੋਂ ਉਹ ਚੋਣ ਪ੍ਰਚਾਰ ਲਈ ਸ਼ਹਿਰ ਵਿੱਚ ਆਉਣ ਤਾਂ ਮਦੁਰਾਇ ਵਿੱਚ ਪ੍ਰਸਤਾਵਿਤ ਏਮਜ਼ ਦੀ ਸਥਿਤੀ ਦੇਖਣ। ਉਨ੍ਹਾਂ ਕਿਹਾ, ‘‘ਜੇਕਰ ਤੁਹਾਨੂੰ ਉੱਥੇ ਨੀਂਹ ਪੱਥਰ ਵਜੋਂ ਰੱਖੀ ਇੱਟ ਨਾ ਮਿਲੇ ਤਾਂ ਅਧਿਕਾਰੀ ਤੁਹਾਨੂੰ ਦੱਸਣਗੇ ਕਿ ਉਸ ਨੂੰ ਉਦੈਨਿਧੀ (ਸਟਾਲਿਨ ਦਾ ਪੁੱਤਰ) ਲੈ ਗਿਆ ਹੈ।’’ ਜ਼ਿਕਰਯੋਗ ਹੈ ਕਿ ਉਦੈਨਿਧੀ ਇਕ ਇੱਟ ਜਿਸ ’ਤੇ ਏਮਜ਼ ਲਿਖਿਆ ਹੋਇਆ ਹੈ, ਨਾਲ ਮਦੁਰਾਇ ਵਿੱਚ ਅਤੇ ਆਲੇ-ਦੁਆਲੇ ਪ੍ਰਚਾਰ ਕਰ ਰਿਹਾ ਹੈ।
ਇਸੇ ਦੌਰਾਨ ਉਨ੍ਹਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਾਮੀ ਤੋਂ ਸਵਾਲ ਕੀਤਾ ਕਿ ਕੀ ਸ੍ਰੀ ਮੋਦੀ ਨਾਲ ਸਟੇਜ ਸਾਂਝੀ ਕਰਨ ਦੌਰਾਨ ਤਾਮਿਲਨਾਡੂ ਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਸਪੱਸ਼ਟੀਕਰਨ ਮੰਗਣ ਦਾ ਹੌਸਲਾ ਉਨ੍ਹਾਂ ਵਿੱਚ ਹੈ?’’ -ਪੀਟੀਆਈ