ਚੇਨੱਈ, 16 ਜੁਲਾਈ
ਤਾਮਿਲਨਾਡੂ ਵਿੱਚ ਸੱਤਾ ’ਤੇ ਕਾਬਜ਼ ਡੀਐੱਮਕੇ ਦੇ ਲੋਕ ਸਭਾ ਮੈਂਬਰ ਐੱਸ ਸੈਂਤਿਲਕੁਮਾਰ ਨੇ ਹਿੰਦੂ ਪੁਜਾਰੀ ਕੋਲੋਂ ਸੜਕ ਦੇ ਪ੍ਰਾਜੈਕਟ ਲਈ ‘ਭੂਮੀ ਪੂਜਨ’ ਕਰਾਉਣ ’ਤੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਅਜਿਹੇ ਕਿਸੇ ਵੀ ਪ੍ਰੋਗਰਾਮ ਵਿੱਚ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਜਾਣਾ ਚਾਹੀਦਾ ਹੈ। ਧਰਮਪੁਰੀ ਤੋਂ ਲੋਕ ਸਭਾ ਮੈਂਬਰ ਸੈਂਤਿਲਕੁਮਾਰ ਨੇ ਆਪਣੇ ਜੱਦੀ ਜ਼ਿਲ੍ਹੇ ਵਿੱਚ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਕੇ ਇਕ ਅਧਿਕਾਰੀ ਕੋਲੋਂ ਪੁੱਛਿਆ ਕਿ ਕੀ ਉਹ ਜਾਣਦੇ ਹਨ ਕਿ ਇਕ ਸਰਕਾਰੀ ਸਮਾਰੋਹ ਇਸ ਤਰ੍ਹਾਂ ਨਹੀਂ ਕਰਵਾਇਆ ਜਾਣਾ ਚਾਹੀਦਾ ਜਿਸ ਵਿੱਚ ਸਿਰਫ਼ ਇਕ ਵਿਸ਼ੇਸ਼ ਧਰਮ ਦੀ ਪ੍ਰਾਰਥਨਾ ਸ਼ਾਮਲ ਹੋਵੇ। ਹਿੰਦੂ ਪੁਜਾਰੀ ਵੱਲ ਇਸ਼ਾਰਾ ਕਰਦੇ ਹੋਏ ਸੰਸਦ ਮੈਂਬਰ ਨੇ ਅਧਿਕਾਰੀ ਕੋਲੋਂ ਪੁੱਛਿਆ, ‘‘ਇਹ ਕੀ ਹੈ? ਹੋਰ ਧਰਮਾਂ ਦੇ ਨੁਮਾਇੰਦੇ ਕਿੱਥੇ ਹਨ? ਈਸਾਈ ਤੇ ਮੁਸਲਮਾਨ ਕਿੱਥੇ ਹਨ? ਗਿਰਜਾਘਰ ਦੇ ਪਾਦਰੀ ਤੇ ਇਮਾਮ ਨੂੰ ਸੱਦੋ। ਉਨ੍ਹਾਂ ਲੋਕਾਂ ਨੂੰ ਸੱਦੋ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ।’’ ਸੰਸਦ ਮੈਂਬਰ ਨੇ ਅਧਿਕਾਰੀ ਨਾਲ ਗੱਲਬਾਤ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝਾ ਕੀਤਾ ਹੈ। -ਪੀਟੀਆਈ