ਨਵੀਂ ਦਿੱਲੀ, 13 ਜੂਨ
ਕੁਵੈਤ ਦੇ ਅਧਿਕਾਰੀ ਦੱਖਣੀ ਕੁਵੈਤ ਦੇ ਮੰਗਾਫ਼ ਖੇਤਰ ਵਿੱਚ ਭਿਆਨਕ ਅੱਗ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਡੀਐੱਨਏ ਟੈਸਟ ਕਰਵਾ ਰਹੇ ਹਨ ਅਤੇ ਇਸ ਘਟਨਾ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ ਤਿਆਰ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪੁੱਜ ਗਏ ਹਨ ਤੇ ਉਨ੍ਹਾਂ ਨੇ ਹਸਪਤਾਲ ’ਚ ਜਾ ਕੇ ਜ਼ਖ਼ਮੀ ਭਾਰਤੀਆਂ ਦਾ ਹਾਲ ਪੁੱਛਿਆ। ਉਹ ਉਥੇ ਜ਼ਖ਼ਮੀ ਭਾਰਤੀਆਂ ਦੀ ਕੀਤੀ ਜਾ ਰਹੀ ਸਹਾਇਤਾ ਦੀ ਨਿਗਰਾਨੀ ਕਰਨਗੇ ਅਤੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣਾ ਯਕੀਨੀ ਬਣਾਉਣ ਲਈ ਕੰਮ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 49 ਹੈ ਅਤੇ ਇਨ੍ਹਾਂ ਵਿੱਚੋਂ 42 ਭਾਰਤੀ ਹਨ। ਬਾਕੀ ਪਾਕਿਸਤਾਨੀ, ਫਿਲੀਪੀਨੋ, ਮਿਸਰੀ ਅਤੇ ਨੇਪਾਲੀ ਹਨ।