ਨਵੀਂ ਦਿੱਲੀ, 30 ਜੁਲਾਈ
ਦਿੱਲੀ ਅਤੇ ਗੁਆਂਢੀ ਰਾਜਾਂ ਵਿੱਚ ਟਰੱਕ ਅਤੇ ਟੈਕਸੀ ਡਰਾਈਵਰਾਂ ਦੀ ਹੱਤਿਆ ਦੇ 50 ਤੋਂ ਵੱਧ ਮਾਮਲਿਆਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਆਯੁਰਵੈਦਿਕ ਵੈਦ ਨੂੰ ਪੁਲੀਸ ਨੇ ਬਾਪਰੋਲਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਉਹ ਪੈਰੋਲ ਤੋਂ ਫ਼ਰਾਰ ਹੋਣ ਬਾਅਦ ਉਥੇ ਰਹਿ ਰਿਹਾ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ 100 ਤੋਂ ਵੱਧ ਹੱਤਿਆਵਾਂ ਦੇ ਮਾਮਲਿਆਂ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਕੋਈ ਸਹੀ ਅੰਕੜਾ ਨਹੀਂ ਦੇ ਸਕਦੇ ਕਿਉਂਕਿ ਉਸ ਖ਼ਿਲਾਫ਼ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਦਰਜ ਕੇਸਾਂ ਦੀ ਪੜਤਾਲ ਸਬੰਧਤ ਰਾਜਾਂ ਦੀ ਪੁਲੀਸ ਵੱਲੋਂ ਕੀਤੀ ਗਈ ਹੈ। ਬੀਏਐੱਮਐੱਸ ਦੇਵਿੰਦਰ ਸ਼ਰਮਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਪੁਰੈਨੀ ਪਿੰਡ ਦਾ ਰਹਿਣ ਵਾਲਾ ਹੈ। ਉਸ ਨੂੰ ਪੈਰੋਲ ਤੋਂ 6 ਮਹੀਨੇ ਬਾਅਦ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਵੈਦ(ਡਾਕਟਰ) ਅਗਵਾ ਕਰਨ ਅਤੇ ਕਤਲ ਕਰਨ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਹੈ। ਯੂਪੀ ਵਿੱਚ ਜਾਅਲੀ ਗੈਸ ਏਜੰਸੀ ਦੇ ਮਾਮਲੇ ਵਿੱਚ ਉਸ ਨੂੰ 2 ਵਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਿਡਨੀ ਵੇਚਣ ਵਾਲੇ ਗਰੋਹ ਨੂੰ ਚਲਾਉਣ ਦੇ ਦੋਸ਼ ਵਿੱਚ ਕਈ ਰਾਜਾਂ ਦੀਆਂ ਜੇਲ੍ਹਾਂ ਦੀ ਹਵਾ ਖਾ ਚੁੱਕਿਆ ਹੈ। ਸ਼ਰਮਾ ਕਤਲ ਦੇ ਮਾਮਲੇ ਵਿਚ ਜੈਪੁਰ ਦੀ ਸੈਂਟਰਲ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਇਸ ਸਾਲ ਜਨਵਰੀ ਵਿਚ ਉਹ 16 ਸਾਲ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ 20 ਦਿਨਾਂ ਲਈ ਪੈਰੋਲ ‘ਤੇ ਆਇਆ ਸੀ ਪਰ ਉਹ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਵਾਪਸ ਨਹੀਂ ਗਿਆ। ਪੁਲੀਸ ਦੇ ਅਨੁਸਾਰ ਪਹਿਲਾਂ ਉਹ ਮੋਹਨ ਗਾਰਡਨ ਵਿੱਚ ਰਹਿ ਰਿਹਾ ਸੀ ਅਤੇ ਉਥੋਂ ਉਹ ਬਾਪਰੋਲਾ ਚਲਾ ਗਿਆ। ਉਥੇ ਉਸ ਨੇ ਵਿਧਵਾ ਨਾਲ ਵਿਆਹ ਕਰਵਾ ਲਿਆ ਅਤੇ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕੀਤਾ। ਬਿਹਾਰ ਦੇ ਸੀਵਾਰ ਤੋਂ ਬੀਏਐੱਮਐੱਸ ਕਰਨ ਤੋਂ ਬਾਅਦ ਉਸ ਨੇ ਜੈਪੁਰ ਵਿਚ ਆਪਣਾ ਕਲੀਨਿਕ ਚਲਾਉਣਾ ਸ਼ੁਰੂ ਕੀਤਾ। 1992 ਵਿਚ ਉਸ ਨੇ ਗੈਸ ਡੀਲਰਸ਼ਿਪ ਸਕੀਮ ਵਿਚ 11 ਲੱਖ ਰੁਪਏ ਦਾ ਨਿਵੇਸ਼ ਕੀਤਾ ਪਰ ਉਸ ਨੂੰ ਭਾਰੀ ਨੁਕਸਾਨ ਹੋਇਆ। ਇਸ ਤੋਂ ਬਾਅਦ 1995 ਵਿਚ ਉਸ ਨੇ ਅਲੀਗੜ੍ਹ ਦੇ ਛਾਰਾ ਪਿੰਡ ਵਿਚ ਜਾਅਲੀ ਗੈਸ ਏਜੰਸੀ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿਚ ਉਹ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ। ਪੁੱਛ-ਪੜਤਾਲ ਦੌਰਾਨ ਉਸ ਨੇ ਇਹ ਵੀ ਮੰਨਿਆ ਕਿ 50 ਤੋਂ ਵੱਧ ਕਤਲਾਂ ਦਾ ਮਾਸਟਰਮਾਈਂਡ ਹੋਣ ਕਰਕੇ ਉਸ ਨੂੰ 2002-2004 ਵਿੱਚ ਦਰਜ ਹੋਏ ਕਈ ਕਤਲਾਂ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਨੂੰ ਸਿਰਫ 6-7 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚਿਆਂ ਨੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਨ ਤੋਂ ਬਾਅਦ 2004 ਵਿੱਚ ਉਸ ਨੂੰ ਛੱਡ ਦਿੱਤਾ।
ਇਸ ਤਰ੍ਹਾਂ ਕਰਦਾ ਸੀ ਕਤਲ: ਉਸ ਦੇ ਸਾਥੀ ਨੇ ਐੱਲਪੀਜੀ ਸਿਲੰਡਰ ਲੈ ਕੇ ਜਾ ਰਹੇ ਟਰੱਕਾਂ ਨੂੰ ਲੁੱਟਦੇ ਤੇ ਚਾਲਕ ਦੀ ਹੱਤਿਆ ਕਰ ਦਿੰਦੇ। ਇਸ ਤੋਂ ਬਾਅਦ ਉਨ੍ਹਾਂ ਦੀ ਫਰਜ਼ੀ ਗੈਸ ਏਜੰਸੀ ਵਿਚ ਸਿਲੰਡਰ ਉਤਾਰ ਦਿੱਤੇ ਜਾਂਦੇ ਸਨ। ਅਧਿਕਾਰੀ ਨੇ ਦੱਸਿਆ ਕਿ 1994 ਵਿਚ ਉਹ ਕਿਡਨੀ ਟਰਾਂਸਪਲਾਂਟ ਲਈ ਅੰਤਰਰਾਜੀ ਗੈਂਗ ਵਿਚ ਸ਼ਾਮਲ ਹੋਇਆ। 2004 ਵਿੱਚ ਉਸ ਨੂੰ ਅਤੇ ਕਈ ਹੋਰ ਡਾਕਟਰਾਂ ਨੂੰ ਵੀ ਗੁੜਗਾਓਂ ਕਿਡਨੀ ਗੈਂਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ 50 ਤੋਂ ਵੱਧ ਕਤਲਾਂ ਵਿੱਚ ਸ਼ਮੂਲੀਅਤ ਕਰਨ ਦਾ ਇਕਬਾਲ ਵੀ ਕੀਤਾ ਹੈ।