ਨਵੀਂ ਦਿੱਲੀ, 1 ਜੂਨ
ਐਲੋਪੈਥੀ ਬਾਰੇ ਯੋਗ ਗੁਰੂ ਰਾਮਦੇਵ ਦੀ ਟਿੱਪਣੀ ਤੋਂ ਖਫ਼ਾ ਦਿੱਲੀ ਦੇ ਕਈ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਦੇਸ਼ ਪੱਧਰੀ ਸੰਘਰਸ਼ ਤਹਿਤ ਰੋਸ ਮੁਜ਼ਾਹਰਾ ਸ਼ੁਰੂ ਕੀਤਾ। ਡਾਕਟਰਾਂ ਨੇ ਮੰਗ ਕੀਤੀ ਕਿ ਜਾਂ ਤਾਂ ਰਾਮਦੇਵ ਬਿਨਾਂ ਸ਼ਰਤ ਮੁਆਫ਼ੀ ਮੰਗੇ ਜਾਂ ਉਸ ਖ਼ਿਲਾਫ਼ ਮਹਾਮਾਰੀ ਬਿਮਾਰੀ ਐਕਟ ਤਹਿਤ ਕਾਰਵਾਈ ਕੀਤੀ ਜਾਵੇ।
ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ 29 ਮਈ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਸੰਘਰਸ਼ ਦੌਰਾਨ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ। ਦਿੱਲੀ ਦੇ ਰੈਜ਼ੀਡੈਂਟ ਡਾਕਟਰਾਂ ਨੇ ਕਾਲੀਆਂ ਪੱਟੀਆਂ ਤੇ ਰਬਿਨ ਬੰਨ੍ਹ ਕੇ ਰੋਸ ਮੁਜ਼ਾਹਰਾ ਕੀਤਾ। ਫੋਰਡਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਰਾਮਦੇਵ ਦੀਆਂ ਟਿੱਪਣੀਆਂ ਖ਼ਿਲਾਫ਼ ਸਾਡਾ ਰੋਸ ਮੁਜ਼ਾਹਰਾ ਅੱਜ ਸਵੇਰੇ ਸ਼ੁਰੂ ਹੋਇਆ। ਉਹ (ਰਾਮਦੇਵ) ਤਾਂ ਐਲੋਪੈਥੀ ਬਾਰੇ ਬੋਲਣ ਤੱਕ ਦੀ ਯੋਗਤਾ ਨਹੀਂ ਰੱਖਦੇ। ਇਸ ਨਾਲ ਡਾਕਟਰਾਂ ਦੇ ਹੌਸਲੇ ਨੂੰ ਢਾਹ ਲੱਗੀ ਹੈ ਜੋ ਮਹਾਮਾਰੀ ਨਾਲ ਰੋਜ਼ਾਨਾ ਲੜ ਰਹੇ ਹਨ। ਸਾਡੀ ਮੰਗ ਹੈ ਕਿ ਉਹ ਜਨਤਕ ਤੌਰ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗੇ ਨਹੀਂ ਤਾਂ ਮਹਾਮਾਰੀ ਬਿਮਾਰੀ ਐਕਟ ਤਹਿਤ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।’ ਉਨ੍ਹਾਂ ਦੱਸਿਆ ਕਿ ਏਮਸ, ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਹਸਪਤਾਲ, ਹਿੰਦੂਰਾਓ ਹਸਪਤਾਲ, ਸੰਜੈ ਗਾਂਧੀ ਮੈਮੋਰੀਅਲ ਹਸਪਤਾਲ, ਬੀ.ਆਰ. ਅੰਬੇਡਕਰ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਇਸ ਸੰਘਰਸ਼ ’ਚ ਸ਼ਾਮਲ ਹੋ ਚੁੱਕੀਆਂ ਹਨ ਤੇ ਕੁਝ ਹੋਰ ਵੀ ਸ਼ਾਮਲ ਹੋਣ ਵਾਲੀਆਂ ਹਨ। ਫੋਰਡਾ ਦੇ ਅਧਿਕਾਰੀ ਨੇ ਦੱਸਿਆ, ‘ਰੋਸ ਵਜੋਂ ਕਈ ਡਾਕਟਰਾਂ ਨੇ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਹੋਰਨਾਂ ਸ਼ਹਿਰਾਂ ਦੇ ਡਾਕਟਰ ਵੀ ਅੰਦੋਲਨ ’ਚ ਸ਼ਾਮਲ ਹੋ ਰਹੇ ਹਨ।’ ਕਈ ਡਾਕਟਰਾਂ ਨੇ ਨਾਅਰੇ ਲਿਖੀਆਂ ਤਖਤੀਆਂ ਵੀ ਫੜੀਆਂ ਹੋਈਆਂ ਸਨ। ਫੋਰਡਾ ਨੇ ਇਹ ਵੀ ਦੋਸ਼ ਲਾਇਆ ਰਾਮਦੇਵ ਦੀ ਟਿੱਪਣੀ ਨੇ ਲੋਕਾਂ ’ਚ ਟੀਕਿਆਂ ਪ੍ਰਤੀ ਵੀ ਖਦਸ਼ਾ ਵਧਾਇਆ ਹੈ। ਏਮਸ ਆਰਡੀਏ ਨੇ ਕਿਹਾ ਕਿ ਰਾਮਦੇਵ ਦੀ ਅਜਿਹੀ ਬੇਇੱਜ਼ਤੀ ਭਰੀ ਟਿੱਪਣੀ ਨਾਲ ਸਿਹਤ ਕਰਮੀਆਂ ਖ਼ਿਲਾਫ਼ ਹਿੰਸਾ ਵਧੇਗੀ ਤੇ ਇਸ ਨਾਲ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ। -ਪੀਟੀਆਈ