ਨਵੀਂ ਦਿੱਲੀ:
ਡੌਮੀਨਿਕਾ ਦੀ ਇੱਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਮੀਡੀਆ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਚੋਕਸੀ ਨੂੰ ਕੈਰੇਬਿਆਈ ਟਾਪੂਨੁਮਾ ਮੁਲਕ ’ਚ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ’ਤੇ 23 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਡੌਮੀਨਿਕਾ ਨਿਊਜ਼ ਆਨਲਾਈਨ ਦੀ ਖ਼ਬਰ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਨਾਲ 13500 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਲੋੜੀਂਦੇ ਚੋਕਸੀ ਨੇ ਅਦਾਲਤ ਸਾਹਮਣੇ ਕਿਹਾ ਕਿ ਉਸ ਨੂੰ ਅਗਵਾ ਕੀਤਾ ਗਿਆ ਸੀ ਅਤੇ ਉਸ ਨੂੰ ਗੁਆਂਢੀ ਮੁਲਕ ਐਂਟੀਗਾ ਤੇ ਬਰਬੂਡਾ ਤੋਂ ਜਬਰੀ ਡੌਮੀਨਿਕਾ ਲਿਆਂਦਾ ਗਿਆ। ਵ੍ਹੀਲਚੇਅਰ ’ਤੇ ਬੈਠਾ 62 ਸਾਲਾ ਚੋਕਸੀ ਰੋਸੀਊ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਹੋਇਆ। ਉਸ ਨੂੰ ਡੌਮੀਨਿਕਾ ਚਾਈਨਾ ਫਰੈਂਡਸ਼ਿਪ ਹਸਪਤਾਲ ਤੋਂ ਅਦਾਲਤ ਲਿਆਂਦਾ ਗਿਆ। ਇਸੇ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਹੈ। ਚੋਕਸੀ ਵੱਲੋਂ ਦਾਇਰ ਹੈਬੀਅਸ ਕੋਰਪਸ ਪਟੀਸ਼ਨ (ਮੁਲਜ਼ਮ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਕਰਨਾ) ’ਤੇ ਸੁਣਵਾਈ ਕਰ ਰਹੇ ਡੌਮੀਨਿਕਾ ਹਾਈ ਕੋਰਟ ਨੇ ਉਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਤਾਂ ਜੋ ਉਹ ਮੁਲਕ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਮਾਮਲੇ ’ਚ ਸਜ਼ਾ ਦਾ ਸਾਹਮਣਾ ਕਰ ਸਕੇ। ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਇੱਥੇ ਕਿਹਾ, ‘ਸਾਡਾ ਕਹਿਣਾ ਹੈ ਕਿ ਮੇਹੁਲ ਚੋਕਸੀ ਨੂੰ ਗ਼ੈਰਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ। ਇਸ ਲਈ ਉਸ ਨੂੰ 72 ਘੰਟਿਆਂ ਅੰਦਰ ਮੈਜਿਸਟਰੇਟ ਸਾਹਮਣੇ ਪੇਸ਼ ਕਰਨ ਦੀ ਲੋੜ ਹੈ। ਇਸ ਨੂੰ ਸੁਧਾਰਨ ਲਈ ਉਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ। ਇਹ ਸਾਬਿਤ ਕਰਦਾ ਹੈ ਕਿ ਚੋਕਸੀ ਨੂੰ ਗ਼ੈਰਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ।’
-ਪੀਟੀਆਈ