ਬੰਗਲੂਰੂ, 15 ਜੁਲਾਈ
ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੰਗਲੂਰੂ ਅਤੇ ਕੁਝ ਹੋਰ ਜ਼ਿਲ੍ਹਿਆਂ ’ਚ ਲੌਕਡਾਊਨ ਮੁੜ ਲਗਾਏ ਜਾਣ ਦੇ ਫ਼ੈਸਲੇ ਬਾਰੇ ਕਰਨਾਟਕ ਦੇ ਗ੍ਰਹਿ ਮੰਤਰੀ ਬਸਵਾਰਾਜ ਬੋਮਈ ਨੇ ਕਿਹਾ ਕਿ ਇਹਤਿਆਤ ਰੱਖਣ ਲਈ ਇਹ ਕਦਮ ਜ਼ਰੂਰੀ ਸੀ ਅਤੇ ਲੋਕ ਇਸ ਦੀ ਅਹਿਮੀਅਤ ਸਮਝ ਗਏ ਹਨ। ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਲੌਕਡਾਊਨ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਵੇ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਬੈਰੀਕੇਡ ਲਗਾਏ ਗਏ ਹਨ ਅਤੇ ਫਲਾਈਓਵਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੌਕਡਾਊਨ ਨੇਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਬੰਗਲੂਰੂ ਸ਼ਹਿਰੀ ਅਤੇ ਦਿਹਾਤੀ, ਧਾਰਵਾੜ, ਦੱਖਣ ਕੰਨੜ, ਕਾਲਬੁਰਗੀ, ਬਿਦਰ, ਰਾਏਚੂੜ ਅਤੇ ਯਾਦਗੀਰ ’ਚ ਲੌਕਡਾਊਨ ਐਲਾਨਿਆ ਗਿਆ ਹੈ। -ਪੀਟੀਆਈ