ਨਵੀਂ ਦਿੱਲੀ, 26 ਜੂਨ
ਅਗਨੀਪਥ ਯੋਜਨਾ ਲਈ ਕੇਂਦਰ ਸਰਕਾਰ ’ਤੇ ਹਮਲੇ ਤੇਜ਼ ਕਰਦਿਆਂ ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਸੈਨਾ ’ਚ ਭਰਤੀ ਦੀ ਨਵੀਂ ਯੋਜਨਾ ਲਿਆ ਕੇ ਨੌਜਵਾਨਾਂ ਦੇ ਭਵਿੱਖ ਨੂੰ ਦਾਅ ’ਤੇ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਤੁਗਲਕੀ ਫ਼ੈਸਲੇ ਨੂੰ ਫੌਰੀ ਵਾਪਸ ਲਵੇ। ਕਾਂਗਰਸ ਦੇ 20 ਸੀਨੀਅਰ ਆਗੂਆਂ ਅਤੇ ਤਰਜਮਾਨਾਂ ਨੇ ਵੱਖ ਵੱਖ ਸ਼ਹਿਰਾਂ ’ਚ ਪ੍ਰੈੱਸ ਕਾਨਫਰੰਸਾਂ ਕਰਕੇ ਅਗਨੀਪਥ ਭਰਤੀ ਯੋਜਨਾ ਦਾ ਵਿਰੋਧ ਕਰਦਿਆਂ ਇਸ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ। ਇਨ੍ਹਾਂ ਪ੍ਰੈੱਸ ਕਾਨਫਰੰਸਾਂ ਨੂੰ ‘ਅਗਨੀਪਥ ਕੀ ਬਾਤ: ਯੁਵਾਓਂ ਸੇ ਵਿਸ਼ਵਾਸਘਾਤ’ ਦਾ ਨਾਮ ਦਿੱਤਾ ਗਿਆ ਸੀ। ਕਾਂਗਰਸ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਅਤੇ ਦੇਸ਼ ਵਿਰੋਧੀ ਯੋਜਨਾ ਖ਼ਿਲਾਫ਼ ਪਾਰਟੀ ਵੱਲੋਂ ਦੇਸ਼ ਭਰ ’ਚ ਹਰੇਕ ਵਿਧਾਨ ਸਭਾ ਹਲਕੇ ਅੰਦਰ ਪ੍ਰਦਰਸ਼ਨ ਕੀਤਾ ਜਾਵੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਤਰਜਮਾਨ ਸ਼ਕਤੀਸਿੰਹ ਗੋਹਿਲ ਨੇ ਕਿਹਾ ਕਿ ਜਦੋਂ ਚੀਨ ਸਾਡੇ ਮੁਲਕ ਦੀਆਂ ਸਰਹੱਦਾਂ ਅੰਦਰ ਦਾਖ਼ਲ ਹੋ ਗਿਆ ਹੈ ਤਾਂ ਅਗਨੀਪਥ ਯੋਜਨਾ ਕੌਮੀ ਸੁਰੱਖਿਆ ਨਾਲ ਮਖੌਲ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਆਗੂ ਅਗਨੀਪਥ ਯੋਜਨਾ ਨੂੰ ਵਧੀਆ ਦੱਸ ਰਹੇ ਹਨ, ਉਹ ਆਪਣੇ ਧੀਆਂ ਅਤੇ ਪੁੱਤਰਾਂ ਨੂੰ ਇਸ ਯੋਜਨਾ ਤਹਿਤ ਭਰਤੀ ਕਰਾਉਣ। ਗੋਹਿਲ ਨੇ ਕਿਹਾ ਕਿ ਭਾਜਪਾ ਆਗੂ ਵਿਜੈਵਰਗੀਯਾ, ਜਿਸ ਨੇ ਸੁਝਾਅ ਦਿੱਤਾ ਸੀ ਕਿ ਪਾਰਟੀ ਦੇ ਦਫ਼ਤਰਾਂ ’ਤੇ ਅਗਨੀਵੀਰਾਂ ਨੂੰ ਗਾਰਡ ਵਜੋਂ ਤਾਇਨਾਤ ਕੀਤਾ ਜਾਵੇਗਾ, ਨੂੰ ਪਾਰਟੀ ’ਚੋਂ ਕੱਢਿਆ ਜਾਵੇ ਅਤੇ ਪ੍ਰਧਾਨ ਮੰਤਰੀ ਇਸ ਬਿਆਨ ਲਈ ਮੁਆਫ਼ੀ ਮੰਗਣ। ਉਧਰ ਜੈਪੁਰ ’ਚ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਵੀ ਅਗਨੀਪਥ ਯੋਜਨਾ ਲਈ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਉਹ ਵਿਦੇਸ਼ੀ ਮੁਲਕਾਂ ਦੀ ਨਕਲ ਕਰਕੇ ਨੀਤੀਆਂ ਘੜ ਰਹੀ ਹੈ। ਉਨ੍ਹਾਂ ਕਿਹਾ,‘‘ਸਰਕਾਰ ਨੇ ਨਕਲਚੀ ਬੰਦਰ ਵਰਗਾ ਰਵੱਈਆ ਅਪਣਾ ਰੱਖਿਆ ਹੈ ਪਰ ਇਹ ਹਿੰਦੋਸਤਾਨ ਹੈ। ਉਹ ਖੇਤੀ ਕਾਨੂੰਨਾਂ ਦੇ ਸੰਦਰਭ ’ਚ ਅਮਰੀਕਾ ਅਤੇ ਫ਼ੌਜ ’ਚ ਭਰਤੀ ਲਈ ਇਜ਼ਰਾਈਲ ਦੀਆਂ ਮਿਸਾਲਾਂ ਦਿੰਦੇ ਹਨ।’’ ਉਨ੍ਹਾਂ ਕਿਹਾ ਕਿ ਇਹ ਨੀਤੀ ਠੀਕ ਨਹੀਂ ਹੈ ਅਤੇ ਫੌਰੀ ਯੋਜਨਾ ਨੂੰ ਵਾਪਸ ਲਿਆ ਜਾਵੇ। ਇਸ ਦੌਰਾਨ ਪਟਨਾ ’ਚ ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਅਗਨੀਪਥ ਯੋਜਨਾ ਖ਼ਿਲਾਫ਼ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਸੋਮਵਾਰ ਨੂੰ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਪ੍ਰਤੀ ਗੰਭੀਰ ਨਹੀਂ ਹੈ। -ਪੀਟੀਆਈ
ਅਗਨੀਪਥ ਯੋਜਨਾ ਨੌਜਵਾਨਾਂ ਨਾਲ ਧੋਖਾ: ਸੱਤਿਆ ਪਾਲ ਮਲਿਕ
ਬਾਗਪਤ: ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅਗਨੀਪਥ ਯੋਜਨਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਹ ਭਵਿੱਖ ਦੇ ਜਵਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਮਗਰੋਂ ਜਵਾਨ ਜਦੋਂ ਬਿਨਾਂ ਪੈਨਸ਼ਨ ਤੋਂ ਫ਼ੌਜ ’ਚੋਂ ਸੇਵਾਮੁਕਤ ਹੋਣਗੇ ਤਾਂ ਮੁਸ਼ਕਲ ਨਾਲ ਹੀ ਕੋਈ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਅੱਗੇ ਆਵੇਗਾ। ਸ੍ਰੀ ਮਲਿਕ ਨੇ ਸਰਕਾਰ ਨੂੰ ਅਗਨੀਪਥ ਯੋਜਨਾ ਦੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ। ਬਾਗਪਤ ’ਚ ਆਪਣੇ ਦੋਸਤ ਗਜੇ ਸਿੰਘ ਧਾਮਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਅਫ਼ਸੋਸ ਜਤਾਉਣ ਆਏ ਸਤਪਾਲ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਭਵਿੱਖ ਦੇ ਜਵਾਨਾਂ ਨੂੰ ਛੇ ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਛੇ ਮਹੀਨਿਆਂ ਦੀ ਛੁੱਟੀ ਮਿਲੇਗੀ। ਤਿੰਨ ਸਾਲ ਦੀ ਨੌਕਰੀ ਤੋਂ ਬਾਅਦ ਜਦੋਂ ਉਹ ਘਰ ਪਰਤਣਗੇ ਤਾਂ ਉਨ੍ਹਾਂ ਨੂੰ ਵਿਆਹ ਲਈ ਰਿਸ਼ਤੇ ਨਹੀਂ ਆਉਣਗੇ। ਅਗਨੀਪਥ ਯੋਜਨਾ ਜਵਾਨਾਂ ਖ਼ਿਲਾਫ਼ ਹੈ।’’ ਸਿਆਸੀ ਮੁੱਦੇ ਉਠਾਉਣ ਤੋਂ ਪਹਿਲਾਂ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਮਲਿਕ ਨੇ ਕਿਹਾ ਕਿ ਜੇਕਰ ਉਹ ਪੱਤਰਕਾਰਾਂ ਵਰਗੇ ਸਲਾਹਕਾਰਾਂ ਦੇ ਚੱਕਰ ’ਚ ਫਸ ਗਏ ਹੁੰਦੇ ਤਾਂ ਉਨ੍ਹਾਂ ਇਸ ਅਹੁਦੇ ’ਤੇ ਨਹੀਂ ਪਹੁੰਚਣਾ ਸੀ। ਸਤਪਾਲ ਮਲਿਕ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ’ਤੇ ਬਿਠਾਉਣ ਵਾਲਾ ਵਿਅਕਤੀ ਅਸਤੀਫ਼ਾ ਮੰਗੇਗਾ ਤਾਂ ਉਹ ਅਹੁਦਾ ਛੱਡਣ ’ਚ ਇਕ ਮਿੰਟ ਨਹੀਂ ਲਗਾਉਣਗੇ। ਰਾਜਪਾਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਦੀਆਂ ਯੋਜਨਾਵਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਸਰਗਰਮ ਸਿਆਸਤ ’ਚ ਆਉਣ ਜਾਂ ਚੋਣਾਂ ਲੜਨ ਤੋਂ ਇਨਕਾਰ ਕੀਤਾ। -ਪੀਟੀਆਈ