ਨਵੀਂ ਦਿੱਲੀ, 11 ਅਕਤੂਬਰ
ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਕਿਹਾ ਹੈ ਕਿ ‘ਆਪ’, ਡੀਐੱਮਕੇ ਅਤੇ ਜਨਤਾ ਦਲ (ਯੂ) ਸਮੇਤ 14 ਖੇਤਰੀ ਪਾਰਟੀਆਂ ਨੇ 2019-20 ’ਚ ਚੁਣਾਵੀ ਬਾਂਡ ਰਾਹੀਂ 447.49 ਕਰੋੜ ਰੁਪਏ ਦਾਨ ਵਜੋਂ ਮਿਲਣ ਦਾ ਖ਼ੁਲਾਸਾ ਕੀਤਾ ਹੈ। ਇਹ ਦਾਨ ਉਨ੍ਹਾਂ ਦੀ ਆਮਦਨ ਦਾ 50.97 ਫ਼ੀਸਦ ਬਣਦਾ ਹੈ। ਰਿਪੋਰਟ ਮੁਤਾਬਕ 42 ਖੇਤਰੀ ਪਾਰਟੀਆਂ ਦੀ ਕੁੱਲ ਆਮਦਨ 877.95 ਕਰੋੜ ਰੁਪਏ ਬਣਦੀ ਹੈ। ਟੀਆਰਐੱਸ ਨੂੰ ਸਭ ਤੋਂ ਜ਼ਿਆਦਾ 130.46 ਕਰੋੜ ਰੁਪਏ ਆਮਦਨ ਹੋਈ ਹੈ। ਸ਼ਿਵ ਸੈਨਾ ਨੂੰ 111.40 ਕਰੋੜ ਅਤੇ ਵਾਈਐੱਸਆਰ-ਸੀ ਨੂੰ 92.73 ਕਰੋੜ ਰੁਪਏ ਆਮਦਨ ਹੋਈ ਸੀ। ਚੁਣਾਵੀ ਬਾਂਡ ਰਾਹੀਂ ਦਾਨ ਮਿਲਣ ਵਾਲੀਆਂ 14 ਪਾਰਟੀਆਂ ’ਚ ਟੀਆਰਐੱਸ, ਟੀਡੀਪੀ, ਵਾਈਐੱਸਆਰ-ਸੀ, ਬੀਜੇਡੀ, ਡੀਐੱਮਕੇ, ਸ਼ਿਵ ਸੈਨਾ, ‘ਆਪ’, ਜਨਤਾ ਦਲ (ਯੂ), ਸਮਾਜਵਾਦੀ ਪਾਰਟੀ, ਜਨਤਾ ਦਲ (ਐੱਸ), ਸ਼੍ਰੋਮਣੀ ਅਕਾਲੀ ਦਲ, ਅੰਨਾ ਡੀਐੱਮਕੇ, ਰਾਸ਼ਟਰੀ ਜਨਤਾ ਦਲ ਅਤੇ ਝਾਰਖੰਡ ਮੁਕਤੀ ਮੋਰਚਾ ਸ਼ਾਮਲ ਹਨ। ਏਡੀਆਰ ਨੇ ਕਿਹਾ ਹੈ ਕਿ 42 ’ਚੋਂ 39 ਪਾਰਟੀਆਂ ਦੇ 2018-19 ਅਤੇ 2019-20 ਦੇ ਅੰਕੜੇ ਮੌਜੂਦ ਹਨ। ਇਨ੍ਹਾਂ ’ਚੋਂ 23 ਪਾਰਟੀਆਂ ਨੇ 2018-19 ਅਤੇ 2019-20 ਦੇ ਵਿੱਤੀ ਵਰ੍ਹਿਆਂ ’ਚ ਆਪਣੀ ਆਮਦਨ ’ਚ ਵਾਧਾ ਦਰਸਾਇਆ ਹੈ ਜਦਕਿ 16 ਪਾਰਟੀਆਂ ਨੇ ਇਸ ਵਕਫ਼ੇ ਦੌਰਾਨ ਆਪਣੀ ਆਮਦਨ ’ਚ ਗਿਰਾਵਟ ਦੱਸੀ ਹੈ। ਇਨ੍ਹਾਂ 39 ਪਾਰਟੀਆਂ ਦੀ ਆਮਦਨ 2018-19 ’ਚ 1087.20 ਕਰੋੜ ਤੋਂ 2019-20 ’ਚ ਘਟ ਕੇ 874.46 ਕਰੋੜ ਰਹਿ ਗਈ। 18 ਪਾਰਟੀਆਂ ਨੇ ਆਮਦਨ ਤੋਂ ਵੱਧ ਖ਼ਰਚੇ ਕੀਤੇ ਹਨ। ਇਨ੍ਹਾਂ ’ਚ ਟੀਡੀਪੀ, ਬੀਜੇਡੀ, ਡੀਐੱਮਕੇ, ਸਮਾਜਵਾਦੀ ਪਾਰਟੀ, ਜੇਡੀਐੱਸ, ਏਜੇਐੱਸਯੂ, ਜੇਵੀਐੱਮ-ਪੀ, ਇਨੈਲੋ, ਪੀਐੱਮਕੇ, ਐੱਮਜੀਪੀ, ਜੀਐੱਫਪੀ, ਐੱਸਡੀਐੱਫ, ਐੱਮਐੱਨਐੱਫ, ਏਆਈਐੱਫਬੀ, ਐੱਨਪੀਐੱਫ, ਜੇਕੇਪੀਡੀਪੀ, ਆਈਪੀਐੱਫਟੀ ਅਤੇ ਐੱਮਪੀਸੀ ਸ਼ਾਮਲ ਹਨ। ਬੀਜੇਡੀ ਨੇ ਆਮਦਨ ਤੋਂ ਜ਼ਿਆਦਾ 95.78 ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਹੈ। ਏਡੀਆਰ ਨੇ ਕਿਹਾ ਕਿ 42 ਖੇਤਰੀ ਪਾਰਟੀਆਂ ਨੇ ਸਵੈ ਇੱਛੁਕ ਯੋਗਦਾਨ ਤੋਂ 676.32 ਕਰੋੜ ਰੁਪਏ ਇਕੱਤਰ ਕੀਤੇ ਹਨ। -ਪੀਟੀਆਈ