ਨਵੀਂ ਦਿੱਲੀ, 25 ਦਸੰਬਰ
ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਡੀਵਾਈ ਚੰਦਰਚੂੜ ਨੇ ਕਿਹਾ ਕਿ ਕਿ੍ਸਮਸ ਮਨਾਉਣ ਵੇਲੇ ਸਾਨੂੰ ਆਪਣੇ ਹਥਿਆਰਬੰਦ ਬਲਾਂ ਦੇ ਉਨ੍ਹਾਂ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਸਰਹੱਦ ’ਤੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਈਸਾ ਮਸੀਹ ਦੇ ਜੀਵਨ ਦਾ ਸੰਦੇਸ਼ ਦੂਜਿਆਂ ਦੀ ਭਲਾਈ ਲਈ ਕੁਰਬਾਨੀ ਦੇਣਾ ਸੀ। ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਹਾਲ ਹੀ ’ਚ ਚਾਰ ਸੈਨਿਕਾਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹੋਏ ਜਸਟਿਸ ਚੰਦਰਚੂੜ ਨੇ ਕਿਹਾ, ‘‘ਜਦ ਅਸੀਂ ਕਿ੍ਸਮਸ ਮਨਾ ਰਹੇ ਹਾਂ, ਤਾਂ ਉਨ੍ਹਾਂ ਲੋਕਾਂ ਨੂੰ ਨਾ ਭੁੱਲੀਏ ਜੋ ਸਰਹੱਦਾਂ ’ਤੇ ਹਨ, ਜੋ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਵਾਰ ਰਹੇ ਹਨ।’’ ਉਹ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਕਿ੍ਸਮਸ ਸਮਾਰੋਹ ’ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਲਈ ਨਵੇਂ ਚੈਂਬਰ ਬਣਾਏ ਜਾਣਗੇ। -ਪੀਟੀਆਈ