ਦੇਹਰਾਦੂਨ, 28 ਜਨਵਰੀ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਵੀ ’ਤੇ ਹਾਜ਼ਰੀ ਬਾਰੇ ਕਿਹਾ ਕਿ ਉਹ ਭਗਵਾਨ ਵਿਸ਼ਨੂੰ ਦਾ 11ਵਾਂ ਅਵਤਾਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਖੜਗੇ ਇੱਥੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਭਾਜਪਾ ਨੂੰ ਸੱਤਾ ਵਿੱਚੋਂ ਲਾਂਭੇ ਕਰਨ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਭਗਵਾਂ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਧਰਮ ਦੇ ਨਾਮ ’ਤੇ ਨਾ ਜਿੱਤਣ ਦਿੱਤਾ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਦੀ ਟੀਵੀ ’ਤੇ ਹਾਜ਼ਰੀ ਬਾਰੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਕਦੇ ਕੋਈ ਟੀਵੀ ਚਲਾਉਂਦਾ ਹੈ ਤਾਂ ਉਸ ਨੂੰ ਸਿਰਫ ਮੋਦੀ ਹੀ ਦਿਖਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਭਗਵਾਨ ਵਿਸ਼ਨੂੰ ਦਾ 11ਵਾਂ ਅਵਤਾਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਤੇ ਸਿਆਸਤ ਵੱਖ-ਵੱਖ ਚੀਜ਼ਾਂ ਹਨ ਪਰ ਮੋਦੀ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਤੇ ਉਨ੍ਹਾਂ ਦੀਆਂ ਵੋਟਾਂ ਲੈਣ ਵਾਸਤੇ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਰਲਗੱਡ ਕਰ ਦਿੱਤਾ ਹੈ।
ਖੜਗੇ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਦੇਸ਼ ਖ਼ਾਤਰ ਆਪਣੀਆਂ ਜਾਨਾਂ ਗੁਆਈਆਂ ਪਰ ਭਾਜਪਾ ਨੇ ਕਦੇ ਅਜਿਹਾ ਕੋਈ ਬਲੀਦਾਨ ਨਹੀਂ ਦਿੱਤਾ। ਉਨ੍ਹਾਂ ਕਿਹਾ, ‘‘ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਦੇਸ਼ ਨੂੰ ਇਕਜੁੱਟ ਰੱਖਣ ਲਈ ਆਪਣੀ ਜਾਨ ਦੇ ਦਿੱਤੀ। ਮਹਾਤਮਾ ਗਾਂਧੀ ਅਤੇ ਪੰਡਤ ਨਹਿਰੂ ਨੇ ਆਜ਼ਾਦੀ ਹਾਸਲ ਕਰਨ ਲਈ ਕਈ ਸਾਲ ਜੇਲ੍ਹ ਵਿੱਚ ਲੰਘਾਏ ਪਰ ਭਾਜਪਾ ਨੇ ਕੀ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਉਹ ਪਾਰਟੀ ਜਿਸ ਨੇ ਦੇਸ਼ ਲਈ ਕੁਝ ਨਹੀਂ ਕੀਤਾ, ਉਹ ਲੋਕਾਂ ਨੂੰ ਦੇਸ਼, ਆਜ਼ਾਦੀ ਅਤੇ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੀ ਹੈ। ਖੜਗੇ ਨੇ ਕਿਹਾ ਕਿ ਮੋਦੀ ਨੇ ਝੂਠ ਬੋਲਣ ਤੋਂ ਇਲਾਵਾ ਹੋਰ ਕੀਤਾ ਕੀ ਹੈ। ਉਨ੍ਹਾਂ ਕਿਹਾ ਕਿ ਮੋਦੀ ਇਕ ਝੂਠ ਨੂੰ ਵਾਰ-ਵਾਰ ਬੋਲਦੇ ਹਨ ਤਾਂ ਜੋ ਲੋਕ ਉਸ ਨੂੰ ਸੱਚ ਸਮਝਣ ਲੱਗ ਜਾਣ। ਉਨ੍ਹਾਂ ਮੋਦੀ ਸਰਕਾਰ ਵੱਲੋਂ ਕੀਤੇ ਚੋਣ ਵਾਅਦਿਆਂ ਬਾਰੇ ਵੀ ਸਵਾਲ ਉਠਾਏ। ਉਨ੍ਹਾਂ ਕੇਂਦਰ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ’ਤੇ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਵਿੱਚ ਅੜਿੱਕੇ ਡਾਹੁਣ ਦੇ ਦੋਸ਼ ਲਗਾਏ। ਉਨ੍ਹਾਂ ਮੀਟਿੰਗ ਵਿੱਚ ਦੇਰੀ ਨਾਲ ਆਉਣ ਲਈ ਵੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਜਹਾਜ਼ ਨੂੰ ਉਤਰਨ ਦੀ ਮਨਜ਼ੂਰੀ ਦੇਣ ’ਚ ਜਾਣਬੁੱਝ ਕੇ ਦੇਰ ਕੀਤੀ ਗਈ। ਖੜਗੇ ਨੇ ਪਾਰਟੀ ਵਰਕਰਾਂ ਨੂੰ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਸਖ਼ਤ ਮਿਹਨਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਤੋਂ ਬਿਨਾ ਕੋਈ ਚੋਣ ਨਹੀਂ ਜਿੱਤੀ ਜਾ ਸਕਦੀ ਹੈ। -ਪੀਟੀਆਈ
ਕਾਂਗਰਸ ਦੀ ‘ਇੰਡੀਆ’ ਗੱਠਜੋੜ ਦੇ ਕੁਝ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਸਬੰਧੀ ਸਹਿਮਤੀ ਬਣੀ
ਕਲਬੁਰਗੀ (ਕਰਨਾਟਕ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ’ਤੇ ਉਨ੍ਹਾਂ ਦੀ ਪਾਰਟੀ ਨੇ ਵਿਰੋਧੀ ਗੱਠਜੋੜ ‘ਇੰਡੀਆ’ ਦੇ ਸਾਰੇ ਭਾਈਵਾਲਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਨਾਲ ਸਹਿਮਤੀ ਵੀ ਬਣ ਗਈ ਹੈ ਜਦਕਿ ਹੋਰਾਂ ਨਾਲ ਗੱਲਬਾਤ ਆਖਰੀ ਗੇੜ ਵਿੱਚ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਨੇ ਪਾਰਟੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਦੀ ਆਪਣੀ ਯਾਤਰਾ ਦੇ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, ‘‘ਮੇਰੇ ਦੌਰਿਆਂ ਦੀਆਂ ਤਰੀਕਾਂ ਤੈਅ ਹੋ ਗਈਆਂ ਹਨ ਅਤੇ ਰਾਹੁਲ ਗਾਂਧੀ ਵੀ ਕੁਝ ਥਾਵਾਂ ’ਤੇ ਜਾਣਗੇ।’’ -ਪੀਟੀਆਈ