ਅਜੈ ਬੈਨਰਜੀ
ਨਵੀਂ ਦਿੱਲੀ, 7 ਜੂਨ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਕਾਰਜਕਾਲ ਵਧਾਏ ਜਾਣ ਦੀ ਸੰਭਾਵਨਾ ਹੈ। ਭਾਰਤ ਦੀ ਇੰਟੈਂਲੀਜੈਂਸ ਬਿਊਰੋ (ਆਈਬੀ) ਦੇ ਸਾਬਕਾ ਮੁਖੀ ਦਾ ਐੱਨਐੱਸਏ ਵਜੋਂ ਕਾਰਜਕਾਲ 5 ਜੂਨ ਨੂੰ ਖ਼ਤਮ ਹੋ ਗਿਆ ਸੀ। ਉਂਜ ਸੂਤਰਾਂ ਮੁਤਾਬਕ ਅਜੀਤ ਡੋਵਾਲ ਹਾਲ ਦੀ ਘੜੀ ਆਪਣਾ ਕੰਮਕਾਜ ਜਾਰੀ ਰੱਖਣਗੇ। ਅਜੀਤ ਡੋਵਾਲ ਕੋਲ ਮੋਦੀ ਸਰਕਾਰ ’ਚ ਕੈਬਨਿਟ ਰੈਂਕ ਦਾ ਦਰਜਾ ਸੀ।
ਡੋਵਾਲ ਚੀਨ ਨਾਲ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੀ ‘ਸਰਹੱਦੀ ਵਾਰਤਾ’ ਲਈ ਵਿਸ਼ੇਸ਼ ਪ੍ਰਤੀਨਿਧੀ ਵੀ ਹਨ। ਉਹ ਆਪਣੀ ਸਰਕਾਰ ਦੀ ਤੀਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸਪਾਤਰ ਹਨ। ਅਜੀਤ ਡੋਵਾਲ ਦੀ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤੀ 2 ਜੂਨ 2019 ਨੂੰ ਹੋਈ ਸੀ। ਇਸ ਨਿਯੁਕਤੀ ਪੱਤਰ ਵਿੱਚ ਕਿਹਾ ਗਿਆ ਹੈ, ‘‘ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸਾਬਕਾ ਆਈਪੀਐੱਸ ਅਧਿਕਾਰੀ ਅਜੀਤ ਡੋਵਾਲ ਨੂੰ 31.05.2019 ਤੋਂ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੇ ਕਾਰਜਕਾਲ ਤਕ ਜਾਂ ਅਗਲੇ ਹੁਕਮਾਂ ਤਕ, ਜੋ ਵੀ ਪਹਿਲਾਂ ਹੋਵੇ, ਜਾਰੀ ਰਹੇਗੀ।’’ ਇਸ ਦਾ ਮਤਲਬ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਭੰਗ ਹੋਣ ਦੇ ਨਾਲ ਹੀ ਡੋਵਾਲ ਦਾ ਕਾਰਜਕਾਲ 5 ਜੂਨ ਨੂੰ ਸਮਾਪਤ ਹੋ ਗਿਆ। ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਹੋਣ ਕਾਰਨ ਡੋਵਾਲ ਨੂੰ ਹੁਣ ਤਕ ‘ਕਾਰਜਕਾਰੀ’ ਸਰਕਾਰ ਦਾ ਹਿੱਸਾ ਮੰਨਿਆ ਜਾਂਦਾ ਸੀ। ਕੇਰਲ ਦੇ 1968 ਬੈਚ ਦੇ ਆਈਪੀਐੱਸ ਅਧਿਕਾਰੀ ਡੋਵਾਲ ਹੁਣ 79 ਸਾਲ ਦੇ ਹੋ ਗਏ ਹਨ ਅਤੇ ਦਸ ਸਾਲਾਂ ਤੋਂ ਕੌਮੀ ਸੁਰੱਖਿਆ ਸਲਾਹਕਾਰ ਚਲੇ ਆ ਰਹੇ ਹਨ।