ਨਵੀਂ ਦਿੱਲੀ: ਵਕਫ਼ ਸੋਧ ਬਿੱਲ ’ਤੇ ਵਿਚਾਰ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ਦੇ ਪ੍ਰਧਾਨ ਜਗਦੰਬਿਕਾ ਪਾਲ ਨੇ ਅੱਜ ਇੱਥੇ ਕਿਹਾ ਕਿ ਖਰੜਾ ਰਿਪੋਰਟ ਤਿਆਰ ਹੈ ਅਤੇ ਇਸ ’ਤੇ ਸਾਰੇ ਮੈਂਬਰਾਂ ਵਿਚਾਲੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਕਮੇਟੀ ਵਿੱਚ ਸ਼ਾਮਲ ਵਿਰੋਧੀ ਮੈਂਬਰਾਂ ਨੇ ਸਾਂਝੀ ਸੰਸਦੀ ਕਮੇਟੀ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਖਰੜਾ ਕਾਨੂੰਨ ਵਿੱਚ ਬਦਲਾਅ ਦਾ ਅਧਿਐਨ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਕਮੇਟੀ ਨੇ ਅੱਜ ਕਰੀਬ ਛੇ ਘੰਟਿਆਂ ਤੱਕ ਮੀਟਿੰਗ ਕੀਤੀ। ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਅਤੇ ਭਾਜਪਾ ਦੇ ਮੈਂਬਰ ਜਗਦੰਬਿਕਾ ਪਾਲ ਨੇ ਕਿਹਾ ਕਿ ਕਮੇਟੀ ਦੀ ਇਹ ਆਖ਼ਰੀ ਮੀਟਿੰਗ ਹੋਵੇਗੀ ਅਤੇ ਖਰੜਾ ਰਿਪੋਰਟ ਜਲਦੀ ਹੀ ਮੈਂਬਰਾਂ ਨੂੰ ਵੰਡ ਦਿੱਤੀ ਜਾਵੇਗੀ। ਇਸ ਮਗਰੋਂ ਵਿਰੋਧੀ ਮੈਂਬਰਾਂ ਨੇ ਵਿਰੋਧ ਜਤਾਉਂਦਿਆਂ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਮੈਂਬਰ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ 25 ਨਵੰਬਰ ਨੂੰ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਨਗੇ ਅਤੇ ਸਾਂਝੀ ਸੰਸਦੀ ਕਮੇਟੀ ਦੀ ਮਿਆਦ ਵਿੱਚ ਵਾਧੇ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਵਾਲ ਚੁੱਕਣ ਅਤੇ ਸਪੱਸ਼ਟੀਕਰਨ ਲਈ ਹੋਰ ਸਮਾਂ ਚਾਹੀਦਾ ਹੈ। ਵਕਫ਼ ਕਮੇਟੀ ਦੀ ਮਿਆਦ 29 ਨਵੰਬਰ ਤੱਕ ਹੈ। -ਪੀਟੀਆਈ