ਜਸ਼ਪੁਰ, 15 ਅਕਤੂਬਰ
ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਪਠਲਗਾਓਂ ਇਲਾਕੇ ਵਿਚ ਦੁਰਗਾ ਪੂਜਾ ਮੌਕੇ ਕੱਢੇ ਜਾ ਰਹੇ ਜਲੂਸ ਉਤੇ ਅੱਜ ਇਕ ਤੇਜ਼ ਰਫ਼ਤਾਰ ਕਾਰ ਚੜ੍ਹਨ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ ਕਈ ਹੋਰ ਫੱਟੜ ਹੋ ਗਏ। ਮੌਕੇ ਉਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਡਰਾਈਵਰ ਨੇ ਜਾਣਬੁੱਝ ਕੇ ਵਾਹਨ ਲੋਕਾਂ ਉਤੇ ਚੜ੍ਹਾਇਆ ਹੈ। ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੈ। ਜਲੂਸ ਦੁਪਹਿਰੇ ਕਰੀਬ 1.30 ਵਜੇ ਸ਼ੁਰੂ ਹੋਇਆ ਤੇ ਇਕ ਸੂਮੋ ਜੋ ਕਿ 100-120 ਦੀ ਰਫ਼ਤਾਰ ਉਤੇ ਆਈ, ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਵੀਡੀਓ ਵਿਚ ਵਾਹਨ ‘ਫੁਟਬਾਲ’ ਵਾਂਗ ਲੋਕਾਂ ਨੂੰ ਟੱਕਰ ਮਾਰ ਕੇ ਦੂਰ ਸੁੱਟਦਾ ਨਜ਼ਰ ਆ ਰਿਹਾ ਹੈ ਤੇ ਕਈ ਹੋਰ ਥੱਲੇ ਆ ਗਏ ਹਨ। ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਗੌਰਵ ਅਗਰਵਾਲ (21) ਵਜੋਂ ਹੋਈ ਹੈ। ਕਰੀਬ 12 ਜਣੇ ਗੰਭੀਰ ਜ਼ਖ਼ਮੀ ਹਨ ਤੇ ਚਾਰ ਦੀ ਹਾਲਤ ਜ਼ਿਆਦਾ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਡਰਾਈਵਰ ਨੂੰ ਲੋਕਾਂ ਨੇ ਫੜ੍ਹ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਐੱਸਪੀ ਨੇ ਦੱਸਿਆ ਕਿ ਵਾਹਨ ਵਿਚ ਕਾਫ਼ੀ ਮਾਤਰਾ ’ਚ ਗਾਂਜਾ ਮਿਲਿਆ ਹੈ। ਇਸ ਨੂੰ ਲੋਕਾਂ ਨੇ ਅੱਗ ਲਾ ਦਿੱਤੀ। ਲੋਕਾਂ ਨੇ ਕਿਹਾ ਕਿ ਇਹ ਡਰਾਈਵਰ ਪਹਿਲਾਂ ਵੀ ਇਸੇ ਬਾਜ਼ਾਰ ਵਿਚ ਤੇਜ਼ ਰਫ਼ਤਾਰ ਤੇ ਗਲਤ ਢੰਗ ਨਾਲ ਗੱਡੀ ਚਲਾਉਂਦਾ ਰਿਹਾ ਹੈ। ਉਸ ਨੂੰ ਪਹਿਲਾਂ ਵੀ ਝਿੜਕਿਆ ਜਾ ਚੁੱਕਾ ਹੈ। -ਆਈਏਐਨਐੱਸ
ਰਾਜਸਥਾਨ: ਤੇਜ਼ ਰਫ਼ਤਾਰ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ, ਇਕ ਮੌਤ
ਜੋਧਪੁਰ: ਰਾਜਸਥਾਨ ਵਿਚ ਅੱਜ ਤੇਜ਼ ਰਫ਼ਤਾਰ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਵਿਚ ਇਕ ਦੀ ਮੌਤ ਹੋ ਗਈ। ਕਾਰ ਨੂੰ ਕਥਿਤ ਤੌਰ ਉਤੇ ਪੁਲੀਸ ਇੰਸਪੈਕਟਰ ਦਾ ਬੇਟਾ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਮ੍ਰਿਤਕ ਇਕ ਸਕੂਟਰ ਉਤੇ ਬੈਠਾ ਸੀ ਜੋ ਸੜਕ ਤੋਂ ਹੇਠਾਂ ਖੜ੍ਹਾ ਸੀ। ਜ਼ੈਦ ਅਲੀ (18) ਕਾਰ ਆਪਣੇ ਗੁਆਂਢੀਆਂ ਤੋਂ ਮੰਗ ਕੇ ਲੈ ਕੇ ਗਿਆ ਸੀ ਤੇ ਦੋ ਦੋਸਤ ਵੀ ਨਾਲ ਸਨ। ਵਾਪਸ ਮੁੜਦਿਆਂ ਉਹ ਤਵਾਜ਼ਨ ਗੁਆ ਬੈਠਾ ਤੇ ਹਾਦਸਾ ਵਾਪਰ ਗਿਆ। ਕਾਰ ਨੇ ਪਹਿਲਾਂ ਇਕ ਰੇੜ੍ਹੀ, ਮਗਰੋਂ ਸਕੂਟਰ ਤੇ ਫਿਰ ਮੋਟਰਸਾਈਕਲ ਨੂੰ ਟੱਕਰ ਮਾਰੀ। ਦੋ ਜਣੇ ਗੰਭੀਰ ਜ਼ਖ਼ਮੀ ਵੀ ਹੋਏ ਹਨ। ਪੁਲੀਸ ਜਾਂਚ ਕਰ ਰਹੀ ਹੈ। -ਪੀਟੀਆਈ