ਨਵੀਂ ਦਿੱਲੀ, 18 ਸਤੰਬਰ
ਦੁਬਈ ਸਿਵਲ ਏਵੀਏਸ਼ਨ ਅਥਾਰਟੀ ਨੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਊਡਾਣਾਂ 2 ਅਕਤੂਬਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਯੂਏਈ ਸਰਕਾਰ ਦੇ ਨੇਮਾਂ ਮੁਤਾਬਕ ਭਾਰਤ ਤੋਂ ਆਊਣ ਵਾਲੇ ਹਰੇਕ ਮੁਸਾਫ਼ਰ ਨੂੰ ਸਫ਼ਰ ਤੋਂ 96 ਘੰਟੇ ਪਹਿਲਾਂ ਕੋਵਿਡ-ਨੈਗੇਟਿਵ ਸਰਟੀਫਿਕੇਟ ਲੋੜੀਂਦਾ ਹੋਵੇਗਾ। ਇਕ ਅਧਿਕਾਰੀ ਨੇ ਕਿਹਾ ਕਿ 2 ਸਤੰਬਰ ਦੀ ਜੈਪੁਰ ਤੋਂ ਦੁਬਈ ਆਈ ਊਡਾਣ ’ਚ ਇਕ ਮੁਸਾਫ਼ਰ ਕੋਲ ਕੋਵਿਡ-ਪਾਜ਼ੇਟਿਵ ਸਰਟੀਫਿਕੇਟ ਸੀ। ਇਸੇ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਵਾਪਰੀ ਸੀ। ਅਧਿਕਾਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਊਡਾਣਾਂ 18 ਸਤੰਬਰ ਤੋਂ 2 ਅਕਤੂਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਐਕਸਪ੍ਰੈੱਸ ਨੇ ਕਿਹਾ ਹੈ ਕਿ ਊਨ੍ਹਾਂ ਕੋਤਾਹੀ ਕਰਨ ਵਾਲੇ ਆਪਣੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਸ਼ਾਰਜਾਹ ਦੀਆਂ ਵਾਧੂ ਊਡਾਣਾਂ ਸ਼ੁਰੂ ਕਰ ਦਿੱਤੀਆਂ ਹਨ। -ਪੀਟੀਆਈ