ਨਵੀਂ ਦਿੱਲੀ, 20 ਜੁਲਾਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ‘ਇਹ ਸੰਸਥਾ ਦੀ ਨਾਕਾਮੀ ਹੈ’ ਕਿ ਵਿਕਾਸ ਦੂਬੇ ਵਰਗੇ ਵਿਅਕਤੀ ਖ਼ਿਲਾਫ਼ ਕਈ ਕੇਸ ਦਰਜ ਹੋਣ ਦੇ ਬਾਵਜੂਦ ਉਸ ਨੂੰ ਜ਼ਮਾਨਤ ਮਿਲੀ ਹੋਈ ਸੀ। ਇਹ ਟਿੱਪਣੀ ਕਰਦਿਆਂ ਸਿਖ਼ਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਕਿ ਉਹ ਗੈਂਗਸਟਰ ਦੇ ਐਨਕਾਊਂਟਰ ਬਾਰੇ ਬਣਾਈ ਜਾਂਚ ਕਮੇਟੀ ’ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਇਕ ਸੇਵਾਮੁਕਤ ਪੁਲੀਸ ਅਧਿਕਾਰੀ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰੇ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਹ ‘ਸੰਸਥਾ ਦੀ ਨਾਕਾਮੀ ਹੈ ਤੇ ਜਿਹੜਾ ਵਿਅਕਤੀ ਸਲਾਖ਼ਾਂ ਪਿੱਛੇ ਹੋਣਾ ਚਾਹੀਦਾ ਸੀ, ਉਸ ਨੂੰ ਜ਼ਮਾਨਤ ਮਿਲੀ ਹੋਈ ਸੀ।’ ਜੱਜਾਂ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ। ਬੈਂਚ ਨੇ ਯੂਪੀ ਸਰਕਾਰ ਨੂੰ ਕਿਹਾ ਕਿ ‘ਕਾਨੂੰਨ ਦਾ ਰਾਜ ਬਰਕਰਾਰ ਰੱਖਣਾ ਪਵੇਗਾ। ਇਹ ਤੁਹਾਡਾ ਫ਼ਰਜ਼ ਹੈ।’ ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਅਦਾਲਤ ਨੇ ਕਿਹਾ ਕਿ ਜੇ ਕੁਝ ਘਟਨਾਵਾਂ ਰਾਜ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਬਿਆਨਾਂ ਤੋਂ ਬਾਅਦ ਵਾਪਰੀਆਂ ਹਨ ਤਾਂ ਉਨ੍ਹਾਂ ਪੱਖਾਂ ਨੂੰ ਵੀ ਘੋਖਿਆ ਜਾਵੇ। ਦੂਬੇ ਤੇ ਉਸ ਦੇ ਸਹਿਯੋਗੀਆਂ ਨੂੰ ਮੁਕਾਬਲਿਆਂ ਵਿਚ ਹਲਾਕ ਕੀਤੇ ਜਾਣ ਦੀ ਅਦਾਲਤੀ ਨਿਗਰਾਨੀ ਅਧੀਨ ਜਾਂਚ ਲਈ ਸੁਪਰੀਮ ਕੋਰਟ ਵਿਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਬੈਂਚ ਨੇ ਉਨ੍ਹਾਂ ਅਦਾਲਤੀ ਹੁਕਮਾਂ ਬਾਰੇ ਰਿਪੋਰਟ ਵੀ ਤਲ਼ਬ ਕੀਤੀ ਹੈ ਜੋ ਦੂਬੇ ਨਾਲ ਸਬੰਧਤ ਕੇਸਾਂ ’ਚ ਦਿੱਤੇ ਗਏ ਸਨ। ਬੈਂਚ ਨੇ ਜਾਂਚ ਪੈਨਲ ’ਚ ਤਬਦੀਲੀਆਂ ਦਾ ਸੁਝਾਅ ਦਿੰਦਿਆਂ ਸਰਕਾਰ ਕੋਲੋਂ 22 ਜੁਲਾਈ ਨੂੰ ਰਿਪੋਰਟ ਮੰਗੀ ਹੈ। ਯੂਪੀ ਸਰਕਾਰ ਨੇ ਦਾਇਰ ਕੀਤੇ ਹਲਫ਼ਨਾਮੇ ਵਿਚ ਕਿਹਾ ਕਿ ਉਨ੍ਹਾਂ ਜਸਟਿਸ (ਸੇਵਾਮੁਕਤ) ਸ਼ਸ਼ੀ ਕਾਂਤ ਅਗਰਵਾਲ ਨੂੰ ਨਿਆਂਇਕ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਸੌਂਪੀ ਹੈ। ਇਕੋ-ਇਕ ਮੈਂਬਰ ਵਾਲੇ ਇਸ ਕਮਿਸ਼ਨ ਦੇ ਮੁਖੀ ਅਗਰਵਾਲ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਨ। ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਦੂਬੇ ਪੈਰੋਲ ’ਤੇ ਬਾਹਰ ਸੀ ਅਤੇ ਉਸ ਖ਼ਿਲਾਫ਼ 65 ਐਫਆਈਆਰਜ਼ ਸਨ। ਅਦਾਲਤ ਨੇ ਕਿਹਾ ਕਿ ਯੂਪੀ ਵਿਚ ਮੌਜੂਦ ਕਿਸੇ ਸਾਬਕਾ ਜੱਜ ਨੂੰ ਕਮੇਟੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਮਹਾਮਾਰੀ ਕਾਰਨ ਬਾਹਰੋਂ ਕਿਸੇ ਦਾ ਅਲਾਹਾਬਾਦ ਜਾਣਾ ਠੀਕ ਨਹੀਂ ਹੋਵੇਗਾ। ਪਟੀਸ਼ਨਕਰਤਾਵਾਂ ਵਿਚੋਂ ਇਕ ਨੇ ਕਿਹਾ ਕਿ ਯੂਪੀ ਸਰਕਾਰ ਨੂੰ ਜਾਂਚ ਕਮੇਟੀ ਦੇ ਮੈਂਬਰ ਚੁਣਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
-ਪੀਟੀਆਈ
ਜ਼ਿਆਦਾ ਖ਼ੂਨ ਵਗਣ ਨਾਲ ਹੋਈ ਦੂਬੇ ਦੀ ਮੌਤ: ਪੋਸਟਮਾਰਟਮ
ਕਾਨਪੁਰ: ਯੂਪੀ ਵਿਚ ਮਾਰੇ ਗਏ ਗੈਂਗਸਟਰ ਵਿਕਾਸ ਦੂਬੇ ਦੀ ਪੋਸਟਮਾਰਟਮ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ। ਇਸ ਵਿਚ ਮੌਤ ਦਾ ਕਾਰਨ ਜ਼ਿਆਦਾ ਖ਼ੂਨ ਵਗਣਾ ਦੱਸਿਆ ਗਿਆ ਹੈ। ਰਿਪੋਰਟ ਵਿਚ ਦਰਜ ਹੈ ਕਿ ਦੂਬੇ ਦੇ ਤਿੰਨ ਗੋਲੀਆਂ ਲੱਗੀਆਂ। ਤਿੰਨ ਸੀਨੀਅਰ ਡਾਕਟਰਾਂ ਨੇ ਪੋਸਟਮਾਰਟਮ ਕੀਤਾ ਹੈ ਤੇ ਪੂਰੀ ਪ੍ਰਕਿਰਿਆ ਦੀ ਵੀਡੀਓ ਬਣਾਈ ਗਈ ਹੈ।
ਦੂਬੇ ਮਾਮਲੇ ’ਚ ਪੁਲੀਸ ਦੀ ਭੂਮਿਕਾ ਸ਼ੱਕੀ: ਰਬਿੇਰੋ
ਮੁੰਬਈ: ਉੱਘੇ ਸਾਬਕਾ ਆਈਪੀਐੱਸ ਅਧਿਕਾਰੀ ਜੂਲੀਓ ਰਬਿੇਰੋ ਨੇ ਯੂਪੀ ਦੇ ਗੈਂਗਸਟਰ ਵਿਕਾਸ ਦੂਬੇ ਦੇ ਐਨਕਾਊਂਟਰ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਪੁਲੀਸ ਨੇ ਨਿਆਂਪਾਲਿਕਾ ਦੀ ਭੂਮਿਕਾ ਨੂੰ ਹੀ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੂੰ ਐਨੀ ਤਾਕਤ ਨਹੀਂ ਦੇ ਦੇਣੀ ਚਾਹੀਦੀ ਕਿ ਉਹ ਖ਼ੁਦ ਹੀ ਫ਼ੈਸਲੇ ਲੈ ਕੇ ਅਪਰਾਧੀਆਂ ਨੂੰ ਸਜ਼ਾਵਾਂ ਦੇਣ ਲੱਗ ਪੈਣ। ਲੋਕਾਂ ਦੇ ਨਾਂ ‘ਖੁੱਲ੍ਹੀ ਚਿੱਠੀ’ ਲਿਖਦਿਆਂ ਸਾਬਕਾ ਪੁਲੀਸ ਅਧਿਕਾਰੀ ਨੇ ਕਿਹਾ ਕਿ ਤਾਮਿਲਨਾਡੂ ਜ਼ਿਲ੍ਹੇ ਦੇ ਟੂਟੀਕੋਰਿਨ ’ਚ ਪਿਤਾ-ਪੁੱਤਰ ਦੀ ‘ਹੱਤਿਆ’ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਭਾਰਤ ਵਿਚ ਹਰ ਪੁਲੀਸ ਕਰਮਚਾਰੀ ਨੂੰ ਇਸ ਘਟਨਾ ’ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਕੀਤੇ ਕਥਿਤ ਤਸ਼ੱਦਦ ਕਾਰਨ ਇਹ ਮੌਤਾਂ ਹੋਈਆਂ ਹਨ। ਰਬਿੈਰੋ ਨੇ ਕਿਹਾ ਕਿ ਅੱਜਕੱਲ੍ਹ ਦੇ ਸਿਆਸਤਦਾਨ ਉਨ੍ਹਾਂ ਆਜ਼ਾਦੀ ਘੁਲਾਟੀਆਂ ਵਰਗੇ ਬਿਲਕੁਲ ਨਹੀਂ ਹਨ ਜਿਨ੍ਹਾਂ ਆਜ਼ਾਦੀ ਮਗਰੋਂ ਭਾਰਤ ਲਈ ਨੀਤੀਆਂ ਘੜੀਆਂ।
-ਪੀਟੀਆਈ