ਲਖਨਊ: ਗੈਂਗਸਟਰ ਵਿਕਾਸ ਦੂਬੇ ਅਤੇ ਉਸ ਦੇ ਪੰਜ ਸਾਥੀਆਂ ਨੂੰ ਵੱਖ ਵੱਖ ਮੁਕਾਬਲਿਆਂ ’ਚ ਮਾਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਤਿੰਨ ਮੈਂਬਰੀ ਕਮਿਸ਼ਨ ਨੇ ਸਬੂਤਾਂ ਦੀ ਘਾਟ ਕਾਰਨ ਉੱਤਰ ਪ੍ਰਦੇਸ਼ ਪੁਲੀਸ ਨੂੰ ਕਥਿਤ ਤੌਰ ’ਤੇ ਕਲੀਨ ਚਿੱਟ ਦੇ ਦਿੱਤੀ ਹੈ। ਜਾਂਚ ਕਮਿਸ਼ਨ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਐੱਸ ਚੌਹਾਨ ਕਰ ਰਹੇ ਸਨ। ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਸ਼ਸ਼ੀ ਕਾਂਤ ਅਗਰਵਾਲ ਅਤੇ ਯੂਪੀ ਦੇ ਸਾਬਕਾ ਡੀਜੀਪੀ ਕੇ ਐੱਲ ਗੁਪਤਾ ਕਮਿਸ਼ਨ ਦੇ ਦੋ ਮੈਂਬਰ ਸਨ। ਜਾਂਚ ਕਮਿਸ਼ਨ ਨੇ ਅੱਠ ਮਹੀਨਿਆਂ ਮਗਰੋਂ ਸੋਮਵਾਰ ਨੂੰ ਰਿਪੋਰਟ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਹੈ। ਕਮਿਸ਼ਨ ਦੇ ਮੈਂਬਰ ਕੇ ਐੱਲ ਗੁਪਤਾ ਨੇ ਦੱਸਿਆ ਕਿ ਰਿਪੋਰਟ ਦੀ ਕਾਪੀ ਸੁਪਰੀਮ ਕੋਰਟ ’ਚ ਵੀ ਜਮ੍ਹਾਂ ਕਰਵਾਈ ਜਾਵੇਗੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਦੇ ਦਾਅਵਿਆਂ ਨੂੰ ਚੁਣੌਤੀ ਦੇਣ ਲਈ ਕੋਈ ਵੀ ਗਵਾਹ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਜੁਲਾਈ ਨੂੰ ਕਾਨਪੁਰ ਦੇ ਚੌਬੇਪੁਰ ਇਲਾਕੇ ਦੇ ਪਿੰਡ ਬਿਕਰੂ ’ਚ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਅੱਠ ਪੁਲੀਸ ਕਰਮੀ ਮਾਰੇ ਗਏ ਸਨ ਜੋ ਗੈਂਗਸਟਰ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਲਈ ਗਏ ਸਨ। ਬਾਅਦ ’ਚ ਵਿਕਾਸ ਦੂਬੇ ਨੂੰ ਫੜ ਲਿਆ ਗਿਆ ਸੀ ਪਰ ਯੂਪੀ ਲਿਆਉਣ ਸਮੇਂ ਉਹ ਮੁਕਾਬਲੇ ’ਚ ਮਾਰਿਆ ਗਿਆ ਸੀ। -ਪੀਟੀਆਈ