ਨਵੀਂ ਦਿੱਲੀ, 19 ਅਗਸਤ
ਗੈਂਗਸਟਰ ਵਿਕਾਸ ਦੂਬੇ ਨੂੰ ਮੁਕਾਬਲੇ ’ਚ ਮਾਰਨ ਦੀ ਜਾਂਚ ਲਈ ਜਸਟਿਸ (ਸੇਵਾਮੁਕਤ) ਬੀ ਐੱਸ ਚੌਹਾਨ ਦੀ ਅਗਵਾਈ ਹੇਠ ਬਣੇ ਕਮਿਸ਼ਨ ’ਤੇ ਸਵਾਲ ਉਠਾਉਣ ਵਾਲੀ ਅਰਜ਼ੀ ਨੂੰ ਅੱਜ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਕਾਨਪੁਰ ’ਚ ਹੋਏ ਮੁਕਾਬਲੇ ਦੀ ਜੁਡੀਸ਼ਲ ਕਮਿਸ਼ਨ ਵੱਲੋਂ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕਈ ਹੋਰ ਉਪਾਅ ਹਨ। ਵਕੀਲ ਘਣਸ਼ਿਆਮ ਉਪਾਧਿਆਏ ਨੇ ਅਰਜ਼ੀ ਦਾਖ਼ਲ ਕਰ ਕੇ ਦੋਸ਼ ਲਾਇਆ ਸੀ ਕਿ ਜਸਟਿਸ ਚੌਹਾਨ ਦਾ ਭਰਾ ਉੱਤਰ ਪ੍ਰਦੇਸ਼ ’ਚ ਵਿਧਾਇਕ ਹੈ ਅਤੇ ਉਨ੍ਹਾਂ ਦੀ ਧੀ ਸੰਸਦ ਮੈਂਬਰ ਨਾਲ ਵਿਆਹੀ ਹੋਈ ਹੈ ਜਿਸ ਕਾਰਨ ਨਿਰਪੱਖ ਜਾਂਚ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ ਹੈ। ਬੈਂਚ ਨੇ 11 ਅਗਸਤ ਨੂੰ ਕਿਹਾ ਸੀ ਕਿ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਉਹ ਕਿਸੇ ਨੂੰ ਰਾਏ ਬਣਾਉਣ ਨਹੀਂ ਦੇਵੇਗਾ ਅਤੇ ਪਟੀਸ਼ਨਰ ਦੀ ਖਿਚਾਈ ਕਰਦਿਆਂ ਉਸ ਤੋਂ ਪੁੱਛਿਆ ਸੀ ਕਿ ਕੀ ਜੱਜ ਦੇ ਕਿਸੇ ਰਿਸ਼ਤੇਦਾਰ ਦੇ ਸਿਆਸੀ ਪਾਰਟੀ ਨਾਲ ਜੁੜੇ ਹੋਣਾ ਕੋਈ ਗੁਨਾਹ ਹੈ। ਉਨ੍ਹਾਂ ਕਿਹਾ ਸੀ ਕਿ ਕਈ ਜੱਜਾਂ ਦੇ ਰਿਸ਼ਤੇਦਾਰ ਸੰਸਦ ਮੈਂਬਰ ਹਨ ਅਤੇ ਕੀ ਤੁਸੀਂ ਆਖ ਰਹੇ ਹੋ ਕਿ ਸਾਰੇ ਜੱਜ ਪੱਖਪਾਤੀ ਹਨ। ਸਿਖਰਲੀ ਅਦਾਲਤ ਨੇ ਜਾਂਚ ਕਮਿਸ਼ਨ ’ਚ ਦੋ ਹੋਰ ਮੈਂਬਰਾਂ ਨੂੰ ਲਏ ਜਾਣ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਸੀ। -ਪੀਟੀਆਈ