ਸ਼ਿਓਪੁਰ, 18 ਸਤੰਬਰ
ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ’ਚ ਚੀਤਿਆਂ ਦੀ ਆਮਦ ਨਾਲ ਕਈ ਪਿੰਡਾਂ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਨੂੰ ਜ਼ਮੀਨ ਖੁੱਸਣ ਦਾ ਡਰ ਵੀ ਸਤਾਉਣ ਲੱਗ ਪਿਆ ਹੈ। ਉਂਜ ਕੁਝ ਲੋਕਾਂ ਨੂੰ ਉਮੀਦ ਹੈ ਕਿ ਕੂਨੋ ਨੈਸ਼ਨਲ ਪਾਰਕ ਚੀਤਿਆਂ ਕਾਰਨ ਮਸ਼ਹੂਰ ਹੋ ਜਾਵੇਗਾ ਜਿਸ ਨਾਲ ਸੈਲਾਨੀਆਂ ਦੀ ਗਿਣਤੀ ਵਧੇਗੀ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ। ਸ਼ਿਓਪੁਰ-ਸ਼ਿਵਪੁਰੀ ਸੜਕ ’ਤੇ ਚਾਹ ਦਾ ਖੋਖਾ ਚਲਾ ਰਹੇ ਰਾਧੇਸ਼ਿਆਮ ਯਾਦਵ ਨੇ ਕਿਹਾ,‘‘ਜੇਕਰ ਪਾਰਕ ਲਈ ਚਾਰ-ਪੰਜ ਪਿੰਡਾਂ ਦਾ ਉਜਾੜਾ ਕਰ ਦਿੱਤਾ ਗਿਆ ਤਾਂ ਮੇਰੇ ਛੋਟੇ ਜਿਹੇ ਖੋਖੇ ਦਾ ਕੀ ਬਣੇਗਾ। ਪਿਛਲੇ 15 ਸਾਲਾਂ ਤੋਂ ਕੂਨੋ ਪਾਰਕ ਲਈ 25 ਪਿੰਡਾਂ ਦੀ ਜ਼ਮੀਨ ਖੁੱਸਣ ਕਾਰਨ ਅਸੀਂ ਪਹਿਲਾਂ ਹੀ ਆਰਥਿਕ ਤੰਗੀ ਝੱਲ ਰਹੇ ਹਾਂ।’’ ਕਿਸਾਨ ਰਾਮ ਕੁਮਾਰ ਗੁੱਜਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਨੇੜੇ ਬਣ ਰਹੇ ਡੈਮ ਕਾਰਨ ਸੇਸਾਈਪੁਰਾ ਦੇ ਲੋਕਾਂ ਦੀ ਰੋਜ਼ੀ-ਰੋਟੀ ਖੁੱਸ ਸਕਦੀ ਹੈ।
ਉਸ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਹਿਲਾਂ ਨੈਸ਼ਨਲ ਪਾਰਕ ਲਈ ਪਿੰਡਾਂ ਦਾ ਉਜਾੜਾ ਕੀਤਾ ਗਿਆ ਸੀ ਅਤੇ ਹੁਣ ਕੂਨੋ ਦਰਿਆ ਦੇ ਕੰਢੇ ’ਤੇ ਡੈਮ ਪ੍ਰਾਜੈਕਟ ਕਾਰਨ ਕਰੀਬ 50 ਪਿੰਡਾਂ ਨੂੰ ਨੁਕਸਾਨ ਝਲਣਾ ਪੈ ਸਕਦਾ ਹੈ। ਜਦੋਂ ਇਹ ਪੁੱਛਿਆ ਗਿਆ ਕਿ ਚੀਤਿਆਂ ਦੀ ਆਮਦ ਨਾਲ ਸੈਲਾਨੀ ਵਧਣਗੇ ਤਾਂ ਉਸ ਨੇ ਦਾਅਵਾ ਕੀਤਾ ਕਿ ਪ੍ਰਾਹੁਣਚਾਰੀ ਦਾ ਧੰਦਾ ‘ਬਾਹਰੀ ਅਮੀਰਾਂ’ ਵੱਲੋਂ ਚਲਾਇਆ ਜਾਵੇਗਾ ਅਤੇ ਸਥਾਨਕ ਲੋਕਾਂ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਮਾਮੂਲੀ ਕੰਮ ਮਿਲਣਗੇ। ਕੱਪੜਿਆਂ ਦੀ ਦੁਕਾਨ ਕਰਦੇ ਧਰਮੇਂਦਰ ਕੁਮਾਰ ਓਝਾ ਨੇ ਖ਼ਦਸ਼ਾ ਪ੍ਰਗਟਾਇਆ ਕਿ ਚੀਤੇ ਪਿੰਡਾਂ ’ਚ ਦਾਖ਼ਲ ਹੋ ਸਕਦੇ ਹਨ। ਉਸ ਨੇ ਕਿਹਾ ਕਿ ਬਾਹਰੀ ਲੋਕ ਹੋਟਲ ਅਤੇ ਰੈਸਟੋਰੈਂਟ ਖ਼ਰੀਦ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਕਾਰੋਬਾਰਾਂ ’ਤੇ ਅਸਰ ਪੈ ਰਿਹਾ ਹੈ। ਉਂਜ ਉਸ ਨੇ ਪ੍ਰਾਜੈਕਟ ਰਾਹੀਂ ਇਲਾਕੇ ਦਾ ਵਿਕਾਸ ਹੋਣ ਦੀ ਸੰਭਾਵਨਾ ਜਤਾਈ ਹੈ। -ਪੀਟੀਆਈ
ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ
ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਇਕ ਪੱਤਰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ 2009 ’ਚ ਪ੍ਰਾਜੈਕਟ ਚੀਤਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਭਾਰਤ ’ਚ ਚੀਤੇ ਲਿਆਉਣ ਲਈ ਪਿਛਲੀ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਨਾ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ਨੂੰ ਸ਼ਰੇਆਮ ਬੋਲਿਆ ਗਿਆ ਝੂਠ ਕਰਾਰ ਦੇ ਦਿੱਤਾ ਹੈ। ਰਮੇਸ਼ ਨੇ ਟਵੀਟ ਕਰਕੇ ਕਿਹਾ ਕਿ ਉਹ ਇਹ ਪੱਤਰ ਕੱਲ ਸਾਂਝਾ ਨਹੀਂ ਕਰ ਸਕੇ ਸਨ ਜੋ ਉਨ੍ਹਾਂ ਤਤਕਾਲੀ ਵਾਤਾਵਰਨ ਅਤੇ ਜੰਗਲਾਤ ਮੰਤਰੀ ਰਹਿੰਦਿਆਂ 2009 ’ਚ ਭਾਰਤੀ ਜੰਗਲੀ ਜੀਵ ਟਰੱਸਟ ਦੇ ਐੱਮ ਕੇ ਰਣਜੀਤ ਸਿੰਘ ਨੂੰ ਲਿਖਿਆ ਸੀ। ਪੱਤਰ ’ਚ ਜੈਰਾਮ ਰਮੇਸ਼ ਨੇ ਰਣਜੀਤ ਸਿੰਘ ਨੂੰ ਚੀਤਿਆਂ ਦੇ ਮੁੜ ਵਸੇਬੇ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ ਸੀ। -ਪੀਟੀਆਈ