ਨਵੀਂ ਦਿੱਲੀ:
ਕਾਂਗਰਸ ਨੇ ਟਮਾਟਰ, ਪਿਆਜ਼ ਤੇ ਆਲੂਆਂ ਦੀਆਂ ਵਧੀਆਂ ਕੀਮਤਾਂ ਨੂੰ ਲੈ ਕਿ ਅੱਜ ਪ੍ਰਧਾਨ ਮੰਤਰ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਦੀ ਅਸਫ਼ਲਤਾ ਕਾਰਨ ਗ਼ਰੀਬਾਂ ਦੀ ਥਾਲੀ ਵਿੱਚੋਂ ਉਕਤ ਤਿੰਨੋਂ ਚੀਜ਼ਾਂ ਗਾਇਬ ਹੋ ਗਈਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਮੋਦੀ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਮੋਦੀ ਭਾਰਤੀ ਪਰਿਵਾਰਾਂ ਵਿੱਚ ਟਮਾਟਰ, ਪਿਆਜ਼ ਤੇ ਆਲੂਆਂ ਦੀ ਅਹਿਮੀਅਤ ਬਾਰੇ ਗੱਲ ਕਰ ਰਹੇ ਹਨ। ‘ਐਕਸ’ ਉੱਤੇ ਹਿੰਦੀ ਵਿੱਚ ਪਾਈ ਇਕ ਪੋਸਟ ’ਚ ਰਮੇਸ਼ ਨੇ ਕਿਹਾ, ‘‘ਇਹ ਕਿਸ ਤਰ੍ਹਾਂ ਦੀ ਪ੍ਰਮੁੱਖ ਤਰਜੀਹ ਹੈ? ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਪ੍ਰਮੁੱਖ ਤਰਜੀਹ ਕਹਿੰਦੇ ਸਨ ਉਨ੍ਹਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ। ਇਸੇ ਕਰ ਕੇ ਸਬਜ਼ੀਆਂ ਦੀ ਮਹਿੰਗਾਈ ਦਰ 42 ਫੀਸਦ ਤੱਕ ਪਹੁੰਚ ਗਈ ਹੈ। ਟਮਾਟਰਾਂ ਦੀ ਮਹਿੰਗਾਈ ਦਰ 161.3 ਫੀਸਦ, ਆਲੂਆਂ ਦੀ ਮਹਿੰਗਾਈ ਦਰ 64.9 ਫੀਸਦ ਅਤੇ ਪਿਆਜ਼ ਦੀ ਮਹਿੰਗਾਈ ਦਰ 51.8 ਫੀਸਦ ਤੱਕ ਪਹੁੰਚ ਗਈ ਹੈ।’’ ਉਨ੍ਹਾਂ ਕਿਹਾ, ‘‘ਤੁਹਾਡੀਆਂ ਨੀਤੀਆਂ ਦੀ ਅਸਫ਼ਲਤਾ ਕਰ ਕੇ ਟਮਾਟਰ, ਪਿਆਜ਼ ਤੇ ਆਲੂ ਗ਼ਰੀਬ ਵਿਅਕਤੀ ਦੀ ਥਾਲੀ ’ਚੋਂ ਗਾਇਬ ਹੋ ਗਏ ਹਨ।’’ -ਪੀਟੀਆਈ