ਸ੍ਰੀਨਗਰ, 8 ਸਤੰਬਰ
ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਇੱਥੇ ਕਿਹਾ ਕਿ ਨੈਸ਼ਨਲ ਕਾਨਫਰੰਸ ਨੇ 1980 ਦੇ ਦਹਾਕੇ ਵਿੱਚ ਕਾਂਗਰਸ ਨਾਲ ਗੱਠਜੋੜ ਕੀਤਾ ਸੀ, ਉਨ੍ਹਾਂ ਦੇ ਮਰਹੂਮ ਪਿਤਾ ਮੁਫ਼ਤੀ ਮੁਹੰਮਦ ਸਈਦ ਨੇ ਘਾਟੀ ਵਿੱਚ ਨੈਸ਼ਨਲ ਪਾਰਟੀ ਨੂੰ ਇੱਕ ਵਿਹਾਰਕ ਵਿਕਲਪ ’ਚ ਬਦਲ ਦਿੱਤਾ ਸੀ।
ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਵਿਧਾਨ ਸਭਾ ਹਲਕੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁਫ਼ਤੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ਵਿੱਚ ਕਾਂਗਰਸੀ ਵਰਕਰਾਂ ਦਾ ਸਮਾਜਿਕ ਬਾਈਕਾਟ ਲਾਗੂ ਕੀਤਾ ਸੀ।
ਮੁਫ਼ਤੀ ਨੇ ਕਿਹਾ, ‘‘ਸਮਾਜਿਕ ਬਾਈਕਾਟ ਸੀ। (ਕੁੱਝ) ਕਾਂਗਰਸੀ ਵਰਕਰਾਂ ਦੀਆਂ ਧੀਆਂ ਦਾ ਤਲਾਕ ਹੋ ਗਿਆ ਸੀ, ਨਾਈ ਕਾਂਗਰਸੀ ਵਰਕਰਾਂ ਨੂੰ ਆਪਣੀਆਂ ਸੇਵਾਵਾਂ ਨਹੀਂ ਦਿੰਦੇ ਸੀ ਪਰ ਮੁਫ਼ਤੀ ਮਹੁੰਮਦ ਸਈਅਦ ਨੇ ਪਾਰਟੀ ਨੂੰ ਸੰਗਠਿਤ ਕੀਤਾ ਅਤੇ ਕਾਂਗਰਸ ਨੇ ਵਧ ਰਹੇ ਭ੍ਰਿਸ਼ਟਾਚਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜਦੋਂ ਫਾਰੂਕ ਅਬਦੁੱਲਾ ਮੁੱਖ ਮੰਤਰੀ ਸੀ, ਉਦੋਂ ਛੇ ਲੋਕ ਸ਼ਹੀਦ ਹੋਏ ਸਨ।’’ ਉਨ੍ਹਾਂ ਕਿਹਾ, ‘‘ਜਦੋਂ ਫਾਰੂਕ ਅਬਦੁੱਲਾ ਨੇ ਮਹਿਸੂਸ ਕੀਤਾ ਕਿ ਕਾਂਗਰਸ ਇੱਕ ਵਿਹਾਰਕ ਵਿਕਲਪ ਬਣ ਰਹੀ ਹੈ ਅਤੇ ਨੈਸ਼ਨਲ ਕਾਨਫਰੰਸ ਦੀ ਜਗ੍ਹਾ ਲੈ ਲਵੇਗੀ ਤਾਂ ਉਸ ਨੇ (ਗੱਠਜੋੜ ਰਾਹੀਂ) ਕਾਂਗਰਸ ਨੂੰ ਆਪਣੀ ਜੇਬ ਵਿੱਚ ਪਾ ਲਿਆ ਅਤੇ ਇਹ ਅੱਜ ਤੱਕ ਇਸ ਵਿੱਚੋਂ ਬਾਹਰ ਆਉਣ ਲਈ ਸੰਘਰਸ਼ ਕਰ ਰਹੀ ਹੈ।’’
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਗੱਠਜੋੜ ਸਿਧਾਂਤਾਂ ’ਤੇ ਆਧਾਰਿਤ ਨਹੀਂ ਹੈ, ਸਗੋਂ ਇਹ ਸੱਤਾ ਦੀ ਵੰਡ ਲਈ ਇੱਕ ਸਮਝੌਤਾ ਹੈ। ਉਨ੍ਹਾਂ ਕਿਹਾ, ‘‘ਨੈਸ਼ਨਲ ਕਾਨਫਰੰਸ ਨੇ ਕਾਂਗਰਸ ਲਈ ਸੀਟ ਛੱਡ ਦਿੱਤੀ ਪਰ ਆਜ਼ਾਦ ਵਜੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ।’’ -ਪੀਟੀਆਈ