ਲਖਨਊ, 3 ਮਾਰਚ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਵੱਲੋਂ ਪੇਸ਼ ਬਜਟ ‘ਦਿਸ਼ਾਹੀਣ’ ਸੀ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਸੂਬੇ ’ਚ ਹੁੰਦੇ ‘ਹਰੇਕ’ ਅਪਰਾਧ ਨਾਲ ਸਮਾਜਵਾਦੀ ਪਾਰਟੀ ਦਾ ਨਾਮ ਕਿਵੇਂ ਜੁੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਸਮਾਜਵਾਦੀ’ ਮੁਹਿੰਮ ਅਣਵਿਹਾਰਕ ਬਣ ਚੁੱਕੀ ਹੈ, ਪਰ ‘ਸਪਾ’ ਆਗੂ ਅਜੇ ਵੀ ਇਸ ਸੱਚ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। ਯੂਪੀ ਅਸੈਂਬਲੀ ’ਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, ‘ਸਮਾਜਵਾਦੀ ਪਾਰਟੀ ਵੱਲੋਂ ਪੇਸ਼ ਬਜਟ ਕਦੇ ਵੀ ਲੋਕ ਭਲਾਈ ਵੱਲ ਕੇਂਦਰਿਤ ਨਹੀਂ ਰਹੇ। ਪਾਰਟੀ ਕੋਲ ਵਿਕਾਸ ਲਈ ਨਾ ਤਾਂ ਕੋਈ ਏਜੰਡਾ ਸੀ ਤੇ ਨਾ ਹੀ ਦੂਰਦਰਸ਼ੀ ਸੋਚ।’ ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਸਮਾਜ ਦਾ ਹਰ ਵਰਗ ਪਾਰਟੀ (ਸਪਾ) ਤੋਂ ਖ਼ਫ਼ਾ ਹੈ ਤੇ ਲੋਕ ਵੋਟਿੰਗ ਦੌਰਾਨ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ।
ਵਿੱਤ ਮੰਤਰੀ ਸੁਰੇਸ਼ ਖੰਨਾ ਵੱਲੋਂ ਵਿੱਤੀ ਸਾਲ 2021-22 ਲਈ ਪੇਸ਼ ਸੂਬਾਈ ਬਜਟ ’ਤੇ ਹੋਈ ਬਹਿਸ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਲਈ ਰੱਖੀਆਂ ਵਿਵਸਥਾਵਾਂ ਦੀ ਸੀਆਈਆਈ, ਫਿੱਕੀ, ਐਸੋਚੈਮ ਤੇ ਪੀਐੱਚਡੀਸੀਸੀਆਈ ਜਿਹੀਆਂ ਵਣਜ ਨਾਲ ਜੁੜੀਆਂ ਸੰਸਥਾਵਾਂ ਨੇ ਸ਼ਲਾਘਾ ਕੀਤੀ ਹੈ। ਯੋਗੀ ਨੇ ਕਿਹਾ, ‘….ਉਹੀ ਮਸ਼ੀਨਰੀ, ਆਮਦਨ ਦੇ ਵੀ ਉਹੀ ਸਰੋਤ, ਹਰ ਕੁਝ ਉਹੀ, ਮੈਂ ਤਾਂ ਸਿਰਫ਼ ਕੰਮ ਸਭਿਆਚਾਰ ਨੂੰ ਤਬਦੀਲ ਕੀਤਾ ਹੈ।’ ਉਨ੍ਹਾਂ ਕਿਹਾ, ‘ਚਾਰ ਸਾਲਾਂ ’ਚ ਅਸੀਂ ਖ਼ੁਦ ’ਚ ਅਹਿਮ ਤਬਦੀਲੀਆਂ ਲਿਆਂਦੀਆਂ ਹਨ।’ ਉਨ੍ਹਾਂ ਵਿਰੋਧੀ ਧਿਰ ਨੂੰ ਸਾਲ 2022 ਤੱਕ ਸੰਜਮ ਵਰਤਣ ਲਈ ਆਖਦਿਆਂ ਕਿਹਾ, ‘ਉਦੋਂ ਅਸੀਂ ਮੁੜ ਸੱਤਾ ਵਿੱਚ ਆਵਾਂਗੇ’ ਤੇ ਉੱਤਰ ਪ੍ਰਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਵਾਂਗੇ। ਮੁੱਖ ਮੰਤਰੀ ਨੇ ਇਸ ਮੌਕੇ ਆਪਣੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ।
-ਪੀਟੀਆਈ
ਸਮਾਜਵਾਦੀ ਪਾਰਟੀ ਦੇ ਮੈਂਬਰਾਂ ਵੱਲੋਂ ਅਸੈਂਬਲੀ ’ਚੋਂ ਵਾਕਆਊਟ
ਲਖਨਊ: ਸਮਾਜਵਾਦੀ ਪਾਰਟੀ ਮੈਂਬਰਾਂ ਨੇ ਗੰਨੇ ਦੀ ਕੀਮਤ ਦੇ ਮੁੱਦੇ ’ਤੇ ਅੱਜ ਉੱਤਰ ਪ੍ਰਦੇਸ਼ ਅਸੈਂਬਲੀ ’ਚੋਂ ਵਾਕਆਊਟ ਕੀਤਾ। ਸਪਾ ਮੈਂਬਰਾਂ ਨੇ ਯੋਗੀ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਵੀ ਲਾਇਆ। ਪ੍ਰਸ਼ਨ ਕਾਲ ਦੌਰਾਨ ਸਪਾ ਮੈਂਬਰ ਨਰਿੰਦਰ ਵਰਮਾ ਨੇ ਤੇਲ ਕੀਮਤਾਂ, ਫ਼ਰਟੀਲਾਈਜ਼ਰ, ਕੀਟਨਾਸ਼ਕਾਂ ਤੇ ਖੇਤੀ ਨਾਲ ਜੁੜੇ ਹੋੋਰ ਸਾਜ਼ੋ-ਸਾਮਾਨ ਦੀਆਂ ਕੀਮਤਾਂ ’ਚ ਵਾਧੇ ਦੇ ਮੱਦੇਨਜ਼ਰ ਗੰਨੇ ਦੀ ਲਾਗਤ ਕੀਮਤ ’ਚ ਵਾਧੇ ਬਾਰੇ ਸਵਾਲ ਪੁੱਛਿਆ, ਜਿਸ ਦਾ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਸਪਾ ਮੈਂਬਰ ਵਾਕਆਊਟ ਕਰ ਗਏ।
-ਪੀਟੀਆਈ