ਕਾਸਗੰਜ (ਉੱਤਰ ਪ੍ਰਦੇਸ਼), 30 ਜਨਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਜਦੋਂ ਸਮਾਜਵਾਦੀ ਪਾਰਟੀ ਸੱਤਾ ਵਿਚ ਸੀ ਤਾਂ ਗੁੰਡੇ ਆਜ਼ਾਦ ਘੁੰਮਦੇ ਅਤੇ ਦੰਗੇ ਹੁੰਦੇ ਰਹਿੰਦੇ ਸਨ ਜਦਕਿ ਭਾਜਪਾ ਨੇ ਸੂਬੇ ’ਚ ਚੰਗੀ ਕਾਨੂੰਨ ਵਿਵਸਥਾ ਨਾਲ ਵਿਕਾਸ ਯਕੀਨੀ ਬਣਾਇਆ ਹੈ। ਹੁਣ ਗੁੰਡਿਆਂ ਤੇ ਮਾਫੀਆ ਨੂੰ ਸਰਪ੍ਰਸਤੀ ਨਹੀਂ ਮਿਲਦੀ ਬਲਕਿ ਉਨ੍ਹਾਂ ਦੀਆਂ ਗੈਰ-ਕਾਨੂੰਨੀ ਸੰਪਤੀਆਂ ’ਤੇ ਬੁਲਡੋਜ਼ਰ ਚੱਲਦੇ ਹਨ।
ਸੂਬੇ ਵਿਚ ਅਗਲੇ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦਿਆਂ ਸ੍ਰੀ ਸਿੰਘ ਨੇ ਕਿਹਾ, ‘‘ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਹਮੇਸ਼ਾ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਹੀ ਦੰਗੇ ਕਿਉਂ ਹੁੰਦੇ ਹਨ। ਉਨ੍ਹਾਂ ਦੇ ਕਾਰਜਕਾਲ ਵਿਚ ਹੀ ਗੁੰਡੇ ਤੇ ਸ਼ਰਾਰਤੀ ਅਨਸਰ ਖੁੱਲ੍ਹੇ ਕਿਉਂ ਘੁੰਮਦੇ ਹਨ।’’ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸੱਤ ਗੇੜਾਂ ਵਿਚ ਹੋਣੀਆਂ ਹਨ ਅਤੇ ਕਾਸਗੰਜ ਵਿਚ ਵੋਟਾਂ ਚੋਣਾਂ ਦੇ ਤੀਜੇ ਗੇੜ ਵਿਚ 20 ਫਰਵਰੀ ਨੂੰ ਪੈਣਗੀਆਂ।
ਸੂਬੇ ਵਿਚ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਵਿਚ ਇਕ ਵੀ ਦੰਗਾ ਨਹੀਂ ਹੋਇਆ। ਉੱਤਰ ਪ੍ਰਦੇਸ਼ ਵਿਚ ਮੌਜੂਦਾ ਕਾਨੂੰਨ ਵਿਵਸਥਾ ਲਈ ਸੂਬਾ ਸਰਕਾਰ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਵਿਵਸਥਾ ਠੀਕ ਹੁੰਦੀ ਹੈ ਤਾਂ ਵਿਕਾਸ ਦੀ ਰਫ਼ਤਾਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ, ‘‘ਅੱਜ ਜੇਕਰ ਉੱਤਰ ਪ੍ਰਦੇਸ਼ ਵਿਚ ਵਿਕਾਸ ਦਿਖ ਰਿਹਾ ਹੈ ਤਾਂ ਇਸ ਲਈ ਬਿਹਤਰ ਕਾਨੂੰਨ ਵਿਵਸਥਾ ਜ਼ਿੰਮੇਵਾਰ ਹੈ। ਹੁਣ ਗੁੰਡਿਆਂ ਤੇ ਮਾਫੀਆ ਨੂੰ ਸਰਪ੍ਰਸਤੀ ਨਹੀਂ ਮਿਲਦੀ ਬਲਕਿ ਉਨ੍ਹਾਂ ਦੀਆਂ ਗੈਰ-ਕਾਨੂੰਨੀ ਸੰਪਤੀਆਂ ’ਤੇ ਬੁਲਡੋਜ਼ਰ ਚੱਲਦੇ ਹਨ।’’ ਕੇਂਦਰੀ ਮੰਤਰੀ ਨੇ ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਹਨ ਉਹ ਕੱਟੀ ਹੋਈ ਪਤੰਗ ਵਾਂਗ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਵਿਕਾਸ ਕਰਨਗੇ ਅਤੇ ਆਪਣੀ ਵਿਰਾਸਤ ਨੂੰ ਬਚਾਉਣਗੇ। ਆਪਣੇ ਇਸ ਸੰਬੋਧਨ ਦੌਰਾਨ ਰੱਖਿਆ ਮੰਤਰੀ ਨੇ ਵੋਟਰਾਂ ਤੋਂ ਸਹਿਯੋਗ ਮੰਗਿਆ। -ਪੀਟੀਆਈ