ਅਮਰਾਵਤੀ (ਆਂਧਰਾ ਪ੍ਰਦੇਸ਼): ਤੇਲੁਗੂ ਨਿਊਜ਼ ਚੈਨਲ ’ਤੇ ਚੱਲ ਰਹੀ ਲਾਈਵ ਡਬਿੇਟ ਉਦੋਂ ਤਲਖੀ ’ਚ ਬਦਲ ਗਈ ਜਦੋਂ ਬਹਿਸ ’ਚ ਸ਼ਾਮਲ ਪੈਨਲ ਮੈਂਬਰ ਨੇ ਭਾਜਪਾ ਆਗੂ ਦੇ ਜੁੱਤੀ ਕੱਢ ਮਾਰੀ। ਦੱਸਣਾ ਬਣਦਾ ਹੈ ਕਿ ਮੰਗਲਵਾਰ ਰਾਤ ਨੂੰ ਇਕ ਨਿਊਜ਼ ਚੈਨਲ ’ਤੇ ਸਿਆਸੀ ਬਹਿਸ ਚੱਲ ਰਹੀ ਸੀ। ਇਸ ਦੌਰਾਨ ਅਮਰਾਵਤੀ ਨੂੰ ਤਿੰਨ ਹਿੱਸਿਆਂ ’ਚ ਵੰਡਣ ਖ਼ਿਲਾਫ਼ ਕੰਮ ਕਰਨ ਵਾਲੇ ਟੀਡੀਪੀ ਕਾਰਕੁਨ ਕੋਲਿਕਾਪੁਡੀ ਸ੍ਰੀਨਿਵਾਸ ਰਾਓ ਦੀ ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਜਨਰਲ ਸਕੱਤਰ ਵਿਸ਼ਨੂ ਵਰਧਨ ਰੈੱਡੀ ਵੱਲੋਂ ਸਾਬਕਾ ਮੁੱਖ ਮੰਤਰੀਆਂ ਬਾਰੇ ਕੀਤੀਆਂ ਟਿੱਪਣੀਆਂ ਕਰਕੇ ਤਕਰਾਰ ਹੋ ਗਈ। ਪਹਿਲਾਂ ਤਾਂ ਦੋਵੇਂ ਮਿਹਣੋ-ਮਿਹਣੀ ਹੋਵੇ ਤੇ ਤਲਖੀ ਇਸ ਕਦਰ ਵਧ ਗਈ ਕਿ ਰਾਓ ਨੇ ਆਪਣੇ ਪੈਰੀਂ ਪਾਈ ਜੁੱਤੀ ਲਾਹ ਕੇ ਰੈੱਡੀ ਦੇ ਮਾਰ ਦਿੱਤੀ। ਇਸ ਤੋਂ ਪਹਿਲਾਂ ਰਾਓ ਨੇ ਬਹਿਸ ਦੌਰਾਨ ਰੈੱਡੀ ਨੂੰ ਮੁਖਾਤਬਿ ਹੁੰਦਿਆਂ ਕਿਹਾ ਉਹ ‘ਬਕਵਾਸ’ ਕਰ ਰਿਹਾ ਹੈ। ਰੈੱਡੀ ਨੇ ਰਾਓ ਨੂੰ ਚੇਤਾਵਨੀ ਦਿੱਤੀ ਕਿਹਾ ਕਿ ‘ਉਹ ਆਪਣੀ ਹੱਦ ਨਾ ਉਲੰਘੇ’, ਪਰ ਕਾਰਕੁਨ ਨੇ ਕਿਹਾ ਕਿ ਉਹ ‘ਬਕਵਾਸ’ ਸ਼ਬਦ ਨੂੰ ਸੈਂਕੜੇ ਵਾਰੀ ਦੁਹਰਾਏਗਾ। ਤਲਖੀ ਵਧੀ ਤਾਂ ਰੈੱਡੀ ਨੇ ਰਾਓ ’ਤੇ ਦੋਸ਼ ਲਾਇਆ ਕਿ ਉਸ ਨੂੰ ਤੇਲੁਗੂ ਦੇਸਮ ਪਾਰਟੀ (ਟੀਡੀਪੀ) ਦਾ ਝੰਡਾ ਧਾਰਨ ਕਰਕੇ ਬਹਿਸ ’ਚ ਸ਼ਾਮਲ ਹੋਣਾ ਚਾਹੀਦਾ ਸੀ। ਦੋਵਾਂ ’ਚ ਤਲਖ਼ੀ ਇਸ ਕਦਰ ਵਧ ਗਈ ਕਿ ਰਾਓ ਨੇ ਆਪਣੀ ਜੁੱਤੀ ਲਾਹੀ ਤੇ ਨਾਲ ਬੈਠੇ ਰੈੱਡੀ ਦੇ ਮੂੰਹ ’ਤੇ ਦੇ ਮਾਰੀ।
-ਆਈਏਐੱਨਐੱਸ