ਨਵੀਂ ਦਿੱਲੀ, 30 ਨਵੰਬਰ
ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਦੱਖਣ-ਪੂਰਬੀ ਏਸ਼ੀਆ ਖੇਤਰ ਅਤੇ ਦੁਨੀਆ ਭਰ ਦੇ ਮੈਂਬਰ ਦੇਸ਼ਾਂ, ਭਾਈਵਾਲਾਂ ਅਤੇ ਭਾਈਚਾਰਿਆਂ ਨੂੰ 2030 ਤੱਕ ਏਡਜ਼ ਨੂੰ ਖ਼ਤਮ ਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਸੱਦਾ ਦਿੱਤਾ ਹੈ। ਇਹ ਦਿਹਾੜਾ ਦੁਨੀਆ ਭਰ ਵਿੱਚ ਪਹਿਲੀ ਦਸੰਬਰ ਨੂੰ ਮਨਾਇਆ ਜਾਂਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਿਊਐੱਚਓ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿੱਚ 3.9 ਕਰੋੜ ਲੋਕ ਐੱਚਆਈਵੀ ਹੈ। ਸਾਲ 2022 ਵਿੱਚ 13 ਲੱਖ ਲੋਕ ਐੱਚਆਈਵੀ ਨਾਲ ਪੀੜਤ ਹੋਏ ਅਤੇ 6,30,000 ਦੀ ਮੌਤ ਏਡਜ਼ ਨਾਲ ਸਬੰਧਤ ਕਾਰਨਾਂ ਕਰਕੇ ਹੋਈ। ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ 39 ਲੱਖ ਲੋਕ ਐੱਚਆਈਵੀ ਪੀੜਤ ਹਨ, ਜੋ ਦੁਨੀਆ ਭਰ ਵਿੱਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਦਾ 10 ਫੀਸਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 110,000 ਵਿਅਕਤੀ ਐੱਚਆਈਵੀ ਨਾਲ ਪੀੜਤ ਹੋਏ ਅਤੇ ਖੇਤਰ ਵਿੱਚ ਏਡਜ਼ ਨਾਲ ਸਬੰਧਤ ਕਾਰਨਾਂ ਕਰਕੇ 85,000 ਦੀ ਮੌਤ ਹੋ ਗਈ ਸੀ।