ਨਵੀਂ ਦਿੱਲੀ, 23 ਅਗਸਤ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ ਕਰਦਾਤਿਆਂ ਨੂੰ ਨਵੀਨਤਮ ਈ-ਟੈਕਸ ਫਾਈਲਿੰਗ ਪੋਰਟਲ ਰਾਹੀਂ ਟੈਕਸ ਰਿਟਰਨਾਂ ਭਰਨ ਵਿੱਚ ਲਗਾਤਾਰ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਅੱਜ ਇਨਫੋਸਿਸ ਲਿਮਟਡ ਦੇ ਸੀਈਓ ਨੂੰ ਤਲਬ ਕੀਤਾ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ 15 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ। ਇਨਕਮ ਟੈਕਸ ਵਿਭਾਗ ਦੀ ਇਸ ਵੈੱਬਸਾਈਟ ਨੂੰ ਇਨਫੋਸਿਸ ਨੇ ਤਿਆਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰੀ ਸੀਤਾਰਮਨ ਨੇ ਆਪਣੇ ਦਫ਼ਤਰ ਵਿੱਚ ਇਨਫੋਸਿਸ ਦੇ ਸੀਈਓ ਸਲਿਲ ਪਾਰੇਖ ਨਾਲ ਮੁਲਾਕਾਤ ਕੀਤੀ ਅਤੇ ਢਾਈ ਮਹੀਨੇ ਪਹਿਲਾਂ ਲਾਂਚ ਹੋਏ ਪੋਰਟਲ ਵਿੱਚ ਲਗਾਤਾਰ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ਕਾਰਨ ‘ਡੂੰਘੀ ਨਾਰਾਜ਼ਗੀ ਅਤੇ ਚਿੰਤਾ’ ਜ਼ਾਹਿਰ ਕੀਤੀ। ਪਾਰੇਖ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਇਨਫੋਸਿਸ ਦੇ 750 ਕਰਮਚਾਰੀ ਇਸ ਨੂੰ ਠੀਕ ਕਰਨ ’ਤੇ ਲੱਗੇ ਹੋਏ ਹਨ ਅਤੇ ਕੰਪਨੀ ਦੇ ਸੀਓਓ ਪ੍ਰਵੀਨ ਰਾਓ ਖ਼ੁਦ ਨਿੱਜੀ ਤੌਰ ’ਤੇ ਇਸ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਟਵਿੱਟਰ ’ਤੇ ਜਾਣਕਾਰੀ ਦਿੱਤੀ ਸੀ ਕਿ ਕੇਂਦਰੀ ਮੰਤਰੀ ਨੇ ਪੋਰਟਲ ਵਿੱਚ ਆ ਰਹੀਆਂ ਗੜਬੜਾਂ ਕਾਰਨ ਇਨਫੋਸਿਸ ਦੇ ਸੀਈਓ ਪਾਰੇਖ ਨੂੰ ਤਲਬ ਕੀਤਾ ਹੈ। -ਪੀਟੀਆਈ