ਲਖਨਊ, 3 ਫਰਵਰੀ
ਉੱਤਰ ਪ੍ਰਦੇਸ਼ ਵਿਚ ਅਪਰਾਧ ਨੂੰ ਨੱਥ ਪਾਉਣ ’ਚ ਸਫ਼ਲ ਰਹਿਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਦੋਸ਼ ਲਗਾਇਆ ਕਿ ਉਨ੍ਹਾਂ ਤੋਂ ਪਹਿਲਾਂ ਦੇ ਮੁੱਖ ਮੰਤਰੀ ਪੁਲੀਸ ਸੋਧਾਂ ਕਰਨ ਵਿਚ ਅਸਫ਼ਲ ਰਹੇ ਅਤੇ ਉਹ ਪੁਲੀਸ ਵਿਭਾਗ ਨੂੰ ਉਨ੍ਹਾਂ ਦੇ ਨਿੱਜੀ ਹਥਿਆਰ ਵਜੋਂ ਵਰਤਣਾ ਚਾਹੁੰਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਮਾਜਵਾਦੀ ਪਾਰਟੀ ਜੋ ਕਿ ਸੂਬੇ ਵਿਚ 2012 ਤੋਂ 2017 ਤੱਕ ਸੱਤਾ ’ਚ ਸੀ, ਨੇ ਵਿਕਾਸ ਦੇ ਨਾਂ ’ਤੇ ਸਿਰਫ਼ ਪੈਸੇ ਹੜੱਪੇ ਅਤੇ ਅਖਿਲੇਸ਼ ਯਾਦਵ ਦੀ ਸਰਕਾਰ ਦਾ ਵਿਕਾਸ ਤਾਂ ‘ਕਬਰਿਸਤਾਨਾਂ’ ਦੀਆਂ ਚਾਰਦੀਵਾਰਾੀਆਂ ਵਿਚ ਦਿਖ ਰਿਹਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜ ਸਾਲਾਂ ਤੱਕ ਸੂਬਾ ਦੰਗਿਆਂ ਅਤੇ ਅਤਿਵਾਦੀ ਗਤੀਵਿਧੀਆਂ ਤੋਂ ਮੁਕਤ ਸੀ ਅਤੇ ਉਹੀ ਉੱਤਰ ਪ੍ਰਦੇਸ਼ ਹੁਣ ਨਿਵੇਸ਼ਕਾਂ ਲਈ ਤਰਜੀਹੀ ਥਾਂ ਬਣ ਗਿਆ ਹੈ। ਪਿਛਲੀਆਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਦੌਰਾਨ ਹੋਏ ਦੰਗਿਆਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ, ‘‘2007 ਤੋਂ 2012 ਤੱਕ ਬਸਪਾ ਦੇ ਰਾਜ ਦੌਰਾਨ 364 ਦੰਗੇ ਹੋਏ। ਸਮਾਜਵਾਦੀ ਪਾਰਟੀ ਦੇ ਰਾਜ ਦੌਰਾਨ 2012 ਤੋਂ 2017 ਤੱਕ 700 ਵੱਡੇ ਦੰਗੇ ਹੋਏ,ਜਿਨ੍ਹਾਂ ਵਿਚ ਸੈਂਕੜੇ ਲੋਕ ਮਾਰੇ ਗਏ।’’ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ, ‘‘2017 ਤੋਂ ਲੈ ਕੇ ਹੁਣ ਤੱਕ ਸੂਬੇ ਵਿਚ ਕੋਈ ਦੰਗਾ ਨਹੀਂ ਹੋਇਆ। ਫਿਰ ਵੀ ਸਰਕਾਰ ਚੁੱਪ ਨਹੀਂ ਬੈਠੀ। ਅਸੀਂ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ ’ਤੇ ਅਤਿਵਾਦ ਵਿਰੋਧੀ ਸਕੁਐਡ ਸੈਂਟਰ ਬਣਾ ਰਹੇ ਹਾਂ। -ਪੀਟੀਆਈ