ਮੁੰਬਈ, 24 ਸਤੰਬਰ
ਖੇਤੀ ਅਤੇ ਕਿਰਤ ਸੁਧਾਰ ਬਿੱਲਾਂ ਨੂੰ ਪਾਸ ਕਰਨ ਖ਼ਿਲਾਫ਼ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਕੇਂਦਰ ’ਤੇ ਹੱਲਾ ਬੋਲਦਿਆਂ ਇਸ ਨੂੰ ‘ਪੂੰਜੀਪਤੀਆਂ ਦੀ ਸਰਕਾਰ’ ਕਰਾਰ ਦਿੱਤਾ। ਐੱਨਸੀਪੀ ਦੇ ਬੁਲਾਰੇ ਮਹੇਸ਼ ਤਾਪਸੇ ਨੇ ਕਿਹਾ ਕਿ ਬਿੱਲ ਕਾਹਲੀ ਵਿੱਚ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ, ‘‘ਕੇਂਦਰ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਇਹ ਆਮ ਲੋਕਾਂ ਦੀ ਨਹੀਂ ਪੂੰਜੀਪਤੀਆਂ ਦੀ ਸਰਕਾਰ ਹੈ।’’ ਉਨ੍ਹਾਂ ਕਿਹਾ, ‘‘ਖੇਤੀ ਤੇ ਕਿਰਤ ਕਾਨੂੰਨ ਖ਼ਤਮ ਕਰਕੇ ਅਤੇ ਪੂੰਜੀਪਤੀਆਂ ਦੀ ਸੁਰੱਖਿਆ ਕਰਕੇ ਭਾਜਪਾ ਸਰਕਾਰ ਦੇਸ਼ ਵਿੱਚ ਈਸਟ ਇੰਡੀਆ ਕੰਪਨੀ ਸਥਾਪਿਤ ਕਰਨ ਦੇ ਰਾਹ ’ਤੇ ਹੈ।’’ ਤਾਪਸੇ ਨੇ ਕਿਹਾ ਕਿ ਖੇਤੀ ਖੇਤਰ ਦੇ ਕਾਨੂੰਨ ਵਿੱਚ ਘੱਟੋ-ਘੱਟ ਸਮਰਥਨ ਮੁੱਲ ਬਾਰੇ ਸਪਸ਼ਟ ਨਹੀਂ ਕੀਤਾ ਗਿਆ। ਕਿਰਤ ਸੁਧਾਰ ਕਾਨੂੰਨ ਬਾਰੇ ਐੱਨਸੀਪੀ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਕੰਪਨੀਆਂ ਨੂੰ ਮਜ਼ਦੂਰਾਂ ਨੂੰ ‘ਰੱਖਣ ਅਤੇ ਕੱਢਣ’ ਦਾ ਅਧਿਕਾਰ ਦੇ ਕੇ ਪੱਛਮੀ ਕੰਮ ਸਭਿਆਚਾਰ ਲਿਆ ਰਹੀ ਹੈ। -ਪੀਟੀਆਈ