ਭੁਬਨੇਸ਼ਵਰ/ਕੋਲਕਾਤਾ, 25 ਜੁਲਾਈ
ਕੋਲਕਾਤਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਅਤੇ ਉਨ੍ਹਾਂ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ 10 ਦਿਨਾਂ ਦੀ ਹਿਰਾਸਤ ਦੇ ਦਿੱਤੀ ਹੈ। ਦੋਵਾਂ ਨੂੰ ਸਕੂਲ ਭਰਤੀ ਘੁਟਾਲੇ ਦੀ ਈਡੀ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਨੇ ਚੈਟਰਜੀ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ। ਈਡੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਏਮਸ, ਭੁਵਨੇਸ਼ਵਰ ਨੇ ਚੈਟਰਜੀ ਦੀ ਜਾਂਚ ਕਰਨ ਤੋਂ ਬਾਅਦ ਕਿਹਾ ਕਿ ਉਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਹੈ। ਮੰਤਰੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਕਸ਼ਾਲ ਕੋਰਟ ਦੀ ਵਿਸ਼ੇਸ਼ ਈਡੀ ਅਦਾਲਤ ਦੇ ਜੱਜ ਜਬਿੋਨ ਕੁਮਾਰ ਸਾਧੂ ਨੇ ਮੰਤਰੀ ਅਤੇ ਮੁਖਰਜੀ ਨੂੰ 3 ਅਗਸਤ ਤੱਕ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ। ਅਦਾਲਤ ਨੇ ਰਾਤ ਕਰੀਬ 11 ਵਜੇ ਆਪਣੇ ਹੁਕਮ ਵਿੱਚ ਕਿਹਾ ਕਿ 22 ਜੁਲਾਈ ਨੂੰ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ 3 ਅਗਸਤ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਹਾਲਾਂਕਿ ਪਾਰਥਾ ਚੈਟਰਜੀ ਸੋਮਵਾਰ ਰਾਤ ਭੁਬਨੇਸ਼ਵਰ ਦੇ ਏਮਸ ਵਿੱਚ ਹੀ ਰਹਿਣਗੇ। ਏਮਸ, ਭੁਬਨੇਸ਼ਵਰ ਵੱਲੋਂ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਹਸਪਤਾਲ ਦਾਖਲ ਨਾ ਕੀਤੇ ਜਾਣ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਸ਼ੇਸ਼ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਪਾਰਥਾ ਚੈਟਰਜੀ ਨੂੰ 14 ਦਿਨ ਦੇ ਹਿਰਾਸਤੀ ਰਿਮਾਂਡ ’ਚ ਭੇਜਣ ਦੀ ਮੰਗ ਕੀਤੀ ਸੀ। ਸਕੂਲ ਭਰਤੀ ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਨੇ ਨਾਲ ਹੀ ਚੈਟਰਜੀ ਦੀ ‘ਨੇੜਲੀ ਸਹਿਯੋਗੀ’ ਅਰਪਿਤਾ ਮੁਖਰਜੀ ਨੂੰ ਵੀ 13 ਦਿਨ ਦੀ ਹਿਰਾਸਤ ’ਚ ਭੇਜੇ ਜਾਣ ਦੀ ਅਪੀਲ ਕੀਤੀ। ਵਿਸ਼ੇਸ਼ ਅਦਾਲਤ ਦੇ ਜੱਜ ਜਬਿੋਨ ਕੁਮਾਰ ਸਾਧੂ ਨੇ ਈਡੀ ਦੀਆਂ ਪਟੀਸ਼ਨਾਂ ’ਤੇ ਹੁਕਮ ਰਾਖਵਾਂ ਰੱਖ ਲਿਆ ਹੈ। ਈਡੀ ਨੇ ਅਦਾਲਤ ਨੂੰ ਦੱਸਿਆ ਕਿ ਚੈਟਰਜੀ ‘ਫਰਜ਼ੀ ਬਿਮਾਰੀ’ ਦਾ ਬਹਾਨਾ ਬਣਾ ਕੇ ਐੱਸਐੱਸਕੇਐੱਮ ਹਸਪਤਾਲ ਦਾਖਲ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਤੋਂ ਪੁੱਛ ਪੜਤਾਲ ਨਹੀਂ ਕੀਤੀ ਜਾ ਸਕੀ। ਇਸ ਤੋਂ ਪਹਿਲਾਂ ਈਡੀ ਨੇ ਸਕੂਲ ਨੌਕਰੀਆਂ ’ਚ ਕਥਿਤ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਕਲਕੱਤਾ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਏਅਰ ਐਂਬੂਲੈਂਸ ਜ਼ਰੀਏ ਉੜੀਸਾ ਲਿਜਾ ਕੇ ਭੁਬਨੇਸ਼ਵਰ ਦੇ ਏਮਸ ਵਿੱਚ ਦਾਖ਼ਲ ਕਰਵਾਇਆ। ਹਾਈ ਕੋਰਟ ਨੇ ਈਡੀ ਨੂੰ 24 ਜੁਲਾਈ ਨੂੰ ਹਦਾਇਤਾਂ ਕੀਤੀਆਂ ਸਨ।ਇਸੇ ਦੌਰਾਨ ਭੁਬਨੇਸ਼ਵਰ ਵਿੱਚ ਏਮਸ ਦੇ ਡਾਕਟਰਾਂ ਨੇ ਕਿਹਾ ਕਿ ਪਾਰਥਾ ਚੈਟਰਜੀ ਨੂੰ ਇਲਾਜ ਲਈ ਹਸਪਤਾਲ ’ਚ ਰੱਖਣ ਦੀ ਕੋਈ ਲੋੜ ਨਹੀਂ ਹੈ। ਏਮਸ ਦੇ ਕਾਰਜਕਾਰੀ ਡਾਇਰੈਕਟਰ ਆਸ਼ੂਤੋਸ਼ ਬਿਸਵਾਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਉਨ੍ਹਾਂ ਦੀ ਜਾਂਚ ਕੀਤੀ। ਉਹ ਕੁਝ ਪੁਰਾਣੇ ਰੋਗਾਂ ਪੀੜਤ ਹਨ ਪਰ ਉਨ੍ਹਾਂ ਨੂੰ ਕੋਈ ਅਜਿਹੀ ਬਿਮਾਰੀ ਨਹੀਂ ਹੈ ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਰੱਖਣ ਦੀ ਲੋੜ ਹੋਵੇ।’’ -ਪੀਟੀਆਈ