ਮੰਗਲੌਰ (ਉੱਤਰਾਖੰਡ): ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਨ੍ਹਾਂ ਦੀਆਂ ਐਨਫੋਰਸਮੈਂਟ ਏਜੰਸੀਆਂ ਅਤੇ ਉਨ੍ਹਾਂ ਦੇ ਹੰਕਾਰ ਤੋਂ ਕੋਈ ਡਰ ਨਹੀਂ ਲਗਦਾ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਨੇ ਉੱਤਰਾਖੰਡ ’ਚ ਆਪਣੇ ਸਾਰੇ ਮੁੱਖ ਮੰਤਰੀ ਤਬਦੀਲ ਕੀਤੇ ਕਿਉਂਕਿ ਉਹ ਸਾਰੇ ਭ੍ਰਿਸ਼ਟ ਹੋ ਗਏ ਸਨ ਅਤੇ ਇੱਕ ਚੋਰ ਨੂੰ ਦੂਜੇ ਚੋਰ ਨਾਲ ਬਦਲ ਦਿੱਤਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਦੁਆਰ ਜ਼ਿਲ੍ਹੇ ਵਿਚ ਮੰਗਲੌਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ, ‘ਮੋਦੀ ਨੇ ਪਿੱਛੇ ਜਿਹੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਨਹੀਂ ਸੁਣਦਾ। ਉਹ ਠੀਕ ਕਹਿ ਰਹੇ ਸੀ। ਮੈਂ ਉਨ੍ਹਾਂ ਨੂੰ ਨਹੀਂ ਸੁਣਦਾ ਕਿਉਂਕਿ ਮੈਨੂੰ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਸੀਬੀਆਈ ਤੇ ਈਡੀ ਦਾ ਡਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਤੇ ਕਾਂਗਰਸ ਕਾਰਨ ਵਾਪਸ ਲਏ ਗਏ ਹਨ। ਉਨ੍ਹਾਂ ਕਿਹਾ, ‘ਕਾਂਗਰਸ ਇਕੱਲੀ ਹੀ ਮੋਦੀ ਨਾਲ ਲੜ ਸਕਦੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰਾਖੰਡ ’ਚ ਗਰੀਬਾਂ ਤੇ ਬੇਰੁਜ਼ਗਾਰਾਂ ਲਈ ਸਰਕਾਰ ਚਾਹੁੰਦੇ ਹੈ ਨਾ ਕਿ ਅਜਿਹੇ ਰਾਜੇ ਦੀ ਜੋ ਦਿੱਲੀ ’ਚ ਬੈਠਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਮੋਦੀ ਦੇ ਹੰਕਾਰ ’ਤੇ ਹਾਸਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਹੰਕਾਰ ਉਦੋਂ ਝਲਕਦਾ ਹੈ ਜਦੋਂ ਉਹ ਕਹਿੰਦੇ ਹਨ ਕਿ ਦੇਸ਼ ’ਚ ਪਿਛਲੇ 70 ਸਾਲਾਂ ਦੌਰਾਨ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ, ‘ਕੀ ਉਨ੍ਹਾਂ ਦਾ ਮਤਲਬ ਹੈ ਕਿ ਇਹ ਮੁਲਕ 70 ਸਾਲਾਂ ਤੋਂ ਸੁੱਤਾ ਪਿਆ ਸੀ ਅਤੇ ਜਦੋਂ ਉਹ (ਮੋਦੀ) ਸੱਤਾ ’ਚ ਆਏ ਤਾਂ ਜਾਗ ਪਿਆ? ਤਾਂ ਫਿਰ ਇਹ ਸੜਕਾਂ ਕਿਵੇਂ ਬਣੀਆਂ, ਇਹ ਰੇਲ ਲਾਈਨਾਂ ਕਿਵੇਂ ਪਈਆਂ। ਜਾਦੂ ਨਾਲ?’ -ਪੀਟੀਆਈ
ਰਾਹੁਲ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ 22 ਤੋਂ
ਠਾਣੇ (ਮਹਾਰਾਸ਼ਟਰ): ਠਾਣੇ ਜ਼ਿਲ੍ਹੇ ਦੇ ਭਿਵੰਡੀ ਦੀ ਇੱਕ ਅਦਾਲਤ ਨੇ ਅੱਜ ਕਿਹਾ ਕਿ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਦੇ ਸਥਾਨਕ ਕਾਰਕੁਨਾਂ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕਰਵਾਏ ਕੇਸ ’ਚ ਸੁਣਵਾਈ 22 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਇਸ ਕੇਸ ’ਚ ਸੁਣਵਾਈ 10 ਫਰਵਰੀ ਤੋਂ ਸ਼ੁਰੂ ਹੋਣੀ ਸੀ। ਪਟੀਸ਼ਨਰ ਰਾਜੇਸ਼ ਕੁੰਤੇ ਦੇ ਵਕੀਲਾਂ ਪ੍ਰਬੁੱਧ ਜਯਵੰਤ ਤੇ ਗਣੇਸ਼ ਧਾਰਗਲਕਰ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ’ਚ ਹੇਠਲੀਆਂ ਅਦਾਲਤਾਂ ਦੇ ਕੁਝ ਫ਼ੈਸਲਿਆਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ ਅਤੇ ਕੁਝ ਪਟੀਸ਼ਨਾਂ ਬਕਾਇਆ ਹਨ। ਇਸ ਲਈ ਉਨ੍ਹਾਂ ’ਤੇ ਕੋਈ ਫ਼ੈਸਲਾ ਆਉਣ ਤੱਕ ਸੁਣਵਾਈ ਟਾਲੀ ਜਾਣੀ ਚਾਹੀਦੀ ਹੈ। ਜੱਜ ਜੇਵੀ ਪਾਲੀਵਾਲ ਨੇ ਇਸ ’ਤੇ ਕਿਹਾ ਕਿ ਕੇਸ ਦੀ ਸੁਣਵਾਈ 22 ਫਰਵਰੀ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। -ਪੀਟੀਆਈ