ਨਵੀਂ ਦਿੱਲੀ, 2 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲੌਂਡਰਿੰਗ ਕੇਸ ਦੀ ਜਾਂਚ ਨਾਲ ਜੁੜੇ ਇਕ ਲੱਖ ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਮਾਮਲੇ ਵਿੱਚ ਕਥਿਤ ਹਵਾਲਾ ਡੀਲਰ ਨਰੇਸ਼ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸ਼ੱਕੀ ਲੈਣ ਦੇਣ ਪਿਛਲੇ ਕੁਝ ਸਾਲਾਂ ਵਿੱਚ 550 ਤੋਂ ਵਧ ਫਰਜ਼ੀ ਫਰਮਾਂ ਰਾਹੀਂ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜੈਨ ਨੂੰ ਮਨੀ ਲੌਂਡਰਿੰਗ ਨੂੰ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਜੈਨ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਂਚ ਏਜੰਸੀ ਨੇ ਕਿਹਾ ਕਿ 554 ਫ਼ਰਜ਼ੀ ਫ਼ਰਮਾਂ, 940 ਸ਼ੱਕੀ ਬੈਂਕ ਖਾਤਿਆਂ ਤੇ 1.07 ਲੱਖ ਕਰੋੜ ਰੁਪਏ ਦੇ ਲੈਣ ਦੇਣ ’ਤੇ ਉਨ੍ਹਾਂ ਦੀ ਲੰਮੇ ਸਮੇਂ ਤੋਂ ਅੱਖ ਸੀ। ਅਧਿਕਾਰੀਆਂ ਮੁਤਾਬਕ ਇਹ ਹੁਣ ਤੱਕ ਦੇ ਦੇਸ਼ ਦੇ ਸਭ ਤੋਂ ਵੱਡੇ ਹਵਾਲਾ ਤੇ ਵਪਾਰ ਆਧਾਰਿਤ ਮਨੀ ਲੌਂਡਰਿੰਗ ਕੇਸਾਂ ’ਚੋਂ ਇਕ ਹੈ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕਈ ਵੱਡੇ ਕਾਰਪੋਰੇਟ ਤੇ ਇਕ ਵੱਡੀ ਫੌਰੇਨ ਐਕਸਚੇਂਜ ਕੰਪਨੀ ਉਨ੍ਹਾਂ ਦੀ ਨਿਗਰਾਨੀ ਹੇਠ ਹਨ। ਏਜੰਸੀ ਵੱਲੋਂ ਜੈਨ ਤੇ ਉਸ ਦੇ ਸਹਾਇਕਾਂ ਤੋਂ ਮਨੀ ਲੌਂਡਰਿੰਗ ਨਾਲ ਸਬੰਧਤ ਦੋ ਕੇਸਾਂ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ।
-ਪੀਟੀਆਈ