ਮੁੰਬਈ, 7 ਜੁਲਾਈ
ਈਡੀ ਨੇ ਐਨਸੀਪੀ ਆਗੂ ਏਕਨਾਥ ਖੜਸੇ ਦੇ ਜਵਾਈ ਗਿਰੀਸ਼ ਚੌਧਰੀ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੇਸ 2016 ਵਿਚ ਇਕ ਸਰਕਾਰੀ ਪਲਾਟ ਦੀ ਖ਼ਰੀਦ ਨਾਲ ਜੁੜਿਆ ਹੋਇਆ ਹੈ। ਪੁਣੇ ਦੇ ਇਸ ਪਲਾਟ ਦੀ ਖ਼ਰੀਦ ਵਿਚ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਚੌਧਰੀ ਨੂੰ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਏਜੰਸੀ ਦੇ ਮੁੰਬਈ ਸਥਿਤ ਦਫ਼ਤਰ ਵਿਚ ਉਸ ਤੋਂ ਲੰਮੀ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੌਧਰੀ ਨੇ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਕੀਤਾ। ਚੌਧਰੀ ਨੂੰ ਹੁਣ ਇਕ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਕਿ ਮਨੀ ਲਾਂਡਰਿੰਗ ਐਕਟ ਤਹਿਤ ਕੇਸਾਂ ਦੀ ਸੁਣਵਾਈ ਕਰਦੀ ਹੈ। ਖੜਸੇ (68) ਪਿਛਲੇ ਸਾਲ ਭਾਜਪਾ ਛੱਡ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਵਿਚ ਸ਼ਾਮਲ ਹੋ ਗਏ ਸਨ। ਈਡੀ ਦਾ ਕੇਸ ਪੁਣੇ ਪੁਲੀਸ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਦਰਜ ਕੀਤੀ ਗਈ ਐਫਆਈਆਰ ਨਾਲ ਸਬੰਧਤ ਹੈ। ਬਿਊਰੋ ਨੇ ਖੜਸੇ, ਉਸ ਦੀ ਪਤਨੀ ਮੰਦਾਕਿਨੀ ਤੇ ਚੌਧਰੀ ਖ਼ਿਲਾਫ਼ 2017 ਵਿਚ ਕੇਸ ਦਰਜ ਕੀਤਾ ਸੀ। ਖੜਸੇ ਕੋਲੋਂ ਵੀ ਇਸ ਕੇਸ ਵਿਚ ਪੁੱਛਗਿੱਛ ਕੀਤੀ ਗਈ ਸੀ ਤੇ ਬਿਆਨ ਦਰਜ ਕੀਤੇ ਗਏ ਸਨ। ਖੜਸੇ ਜੋ ਕਿ 2016 ਵਿਚ ਮਾਲ ਮੰਤਰੀ ਸਨ, ਨੇ ਭਾਜਪਾ ਆਗੂ ਵਜੋਂ ਤੇ ਦੇਵੇਂਦਰ ਫੜਨਵੀਸ ਦੀ ਸਰਕਾਰ ’ਚੋਂ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ’ਤੇ ਇਸ ਜ਼ਮੀਨ ਸੌਦੇ ਅਤੇ ਕੁਝ ਹੋਰ ਮੁੱਦਿਆਂ ਬਾਰੇ ਦੋਸ਼ ਲੱਗੇ ਸਨ। ਦੋਸ਼ ਲਾਇਆ ਗਿਆ ਸੀ ਕਿ ਖੜਸੇ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਪਰਿਵਾਰ ਨੂੰ ਲਾਹਾ ਦਿੱਤਾ ਹੈ। ਖੜਸੇ ਨੇ ਇਸ ਤੋਂ ਇਨਕਾਰ ਕੀਤਾ ਸੀ। -ਪੀਟੀਆਈ