ਨਵੀਂ ਦਿੱਲੀ: ਈਡੀ ਨੇ ਪੱਤਰਕਾਰ ਰਾਣਾ ਅਯੂਬ ਖ਼ਿਲਾਫ਼ ਮਨੀ ਲਾਂਡਰਿੰਗ ਕਾਨੂੰਨ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਅਯੂਬ ਨੇ ਲੋਕਾਂ ਤੋਂ ਇਕੱਠੇ ਕੀਤੇ ਗਏ 2.69 ਕਰੋੜ ਰੁਪਏ ਆਪਣੇ ਲਈ ਵਰਤੇ ਹਨ ਤੇ ਵਿਦੇਸ਼ੀ ਚੰਦਾ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਕੇਂਦਰੀ ਏਜੰਸੀ ਨੇ ਗਾਜ਼ੀਆਬਾਦ ਦੇ ਵਿਸ਼ੇਸ਼ ਜੱਜ (ਪੀਐਮਐਲਏ) ਦੀ ਅਦਾਲਤ ’ਚ ਅਯੂਬ ਖ਼ਿਲਾਫ਼ 12 ਅਕਤੂਬਰ ਨੂੰ ਸ਼ਿਕਾਇਤ ਦਾਖਲ ਕੀਤੀ ਹੈ। ਈਡੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਰਾਣਾ ਅਯੂਬ ਨੇ ‘ਕੇਟੋ ਪਲੈਟਫਾਰਮ’ ਉਤੇ ਅਪਰੈਲ, 2020 ਤੋਂ ਤਿੰਨ ਚੈਰਿਟੀ ਮੁਹਿੰਮਾਂ ਲਾਂਚ ਕੀਤੀਆਂ ਸਨ ਤੇ 2,69,44,680 ਰੁਪਏ ਇਕੱਠੇ ਕੀਤੇ।’ ਮੁਹਿੰਮਾਂ ਵਿਚ ਕਿਹਾ ਗਿਆ ਸੀ ਕਿ ਪੈਸੇ ਝੁੱਗੀਆਂ-ਝੌਪੜੀਆਂ ਵਿਚ ਰਹਿਣ ਵਾਲਿਆਂ ਤੇ ਕਿਸਾਨਾਂ, ਅਸਾਮ ਵਿਚ ਰਾਹਤ ਕਾਰਜਾਂ ਲਈ, ਕੋਵਿਡ ਦੌਰਾਨ ਬਿਹਾਰ ਤੇ ਮਹਾਰਾਸ਼ਟਰ ਵਿਚ ਲੋਕਾਂ ਦੀ ਮਦਦ ਕਰਨ ਲਈ ਇਕੱਠੇ ਕੀਤੇ ਜਾ ਰਹੇ ਹਨ। ਅਯੂਬ ਤੇ ਉਸ ਦੀ ਟੀਮ ਇਨ੍ਹਾਂ ਖੇਤਰਾਂ ’ਚ ਰਾਹਤ ਕਾਰਜ ਕਰ ਰਹੀ ਸੀ। ਏਜੰਸੀ ਨੇ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਆਨਲਾਈਨ ਇਕੱਠੇ ਕੀਤੇ ਗਏ ਪੈਸੇ ਅਯੂਬ ਦੇ ਪਿਤਾ ਤੇ ਭੈਣ ਦੇ ਅਕਾਊਂਟ ਵਿਚ ਆਏ ਸਨ, ਤੇ ਮਗਰੋਂ ਉਸ ਨੇ ਆਪਣੇ ਖਾਤੇ ਵਿਚ ਪਾਏ। ਏਜੰਸੀ ਨੇ ਕਿਹਾ ਕਿ ਅਯੂਬ ਨੇ ਇਨ੍ਹਾਂ ਪੈਸਿਆਂ ਵਿਚੋਂ 50 ਲੱਖ ਰੁਪਏ ਦੀ ਐਫਡੀ ਕਰਵਾਈ ਤੇ 50 ਲੱਖ ਰੁਪਏ ਇਕ ਹੋਰ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਈਡੀ ਨੇ ਕਿਹਾ ਕਿ ਸਿਰਫ਼ 29 ਲੱਖ ਰੁਪਏ ਹੀ ਰਾਹਤ ਕਾਰਜਾਂ ਉਤੇ ਖ਼ਰਚੇ ਗਏ। ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਨਾਲ ਹੀ ਕਿਹਾ ਕਿ ਰਾਹਤ ਕਾਰਜਾਂ ਲਈ ਹੋਰ ਖ਼ਰਚਾ ਦਿਖਾਉਣ ਖਾਤਰ ਅਯੂਬ ਵੱਲੋਂ ਫ਼ਰਜ਼ੀ ਬਿੱਲ ਦਿੱਤੇ ਗਏ। ਇਸ ਲਈ ਪੀਐਮਐਲਏ ਤਹਿਤ ਅਯੂਬ ਦੇ ਖਾਤਿਆਂ ਵਿਚ ਪਏ 1,77,27,704 ਰੁਪਏ ਕਢਵਾਉਣ ’ਤੇ ਰੋਕ ਲਾ ਦਿੱਤੀ ਗਈ ਹੈ। ਈਡੀ ਨੇ ਕਿਹਾ ਕਿ ਅਯੂਬ ਨੇ ‘ਗੈਰਕਾਨੂੰਨੀ’ ਢੰਗ ਨਾਲ 2.69 ਕਰੋੜ ਰੁਪਏ ਇਕੱਠੇ ਕੀਤੇ ਤੇ ਆਮ ਲੋਕਾਂ ਨੂੰ ‘ਠੱਗਿਆ’ ਹੈ। -ਪੀਟੀਆਈ
ਸਿਰਫ਼ ਲੋਕਾਂ ਦੀ ਮਦਦ ਲਈ ਹੀ ਖ਼ਰਚੇ ਗਏ ਫੰਡ: ਰਾਣਾ ਅਯੂਬ
ਨਵੀਂ ਦਿੱਲੀ: ਈਡੀ ਦੀ ਚਾਰਜਸ਼ੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਪੱਤਰਕਾਰ ਰਾਣਾ ਅਯੂਬ ਨੇ ਕਿਹਾ ਕਿ ਕੋਵਿਡ ਦੌਰਾਨ ਮਦਦ ਲਈ ਉਸ ਵੱਲੋਂ ਇਕੱਠੇ ਕੀਤੇ ਗਏ ਫੰਡ ਸਿਰਫ਼ ਲੋਕਾਂ ਦੀ ਸਹਾਇਤਾ ਲਈ ਵਰਤੇ ਗਏ ਹਨ। ਰਾਣਾ ਨੇ ਕਿਹਾ ਕਿ ਉਸ ਦਾ ਇਕੋ-ਇਕ ਮੰਤਵ ਲੋਕਾਂ ਦੀ ਸਹਾਇਤਾ ਸੀ। ਰਾਣਾ ਨੇ ਕਿਹਾ ਕਿ ਈਡੀ ਦੀ ਚਾਰਜਸ਼ੀਟ ਉਸ ਨੂੰ ਨਿਸ਼ਾਨਾ ਬਣਾਉਣ ਤੇ ਡਰਾਉਣ ਦੀ ਇਕ ਹੋਰ ‘ਕੋਸ਼ਿਸ਼’ ਹੈ ਕਿਉਂਕਿ ਉਹ ਅਜਿਹੀ ਆਵਾਜ਼ ਹੈ ਜੋ ਸੱਤਾਧਾਰੀਆਂ ਨੂੰ ਸਵਾਲ ਤੇ ਆਲੋਚਨਾ ਕਰਦੀ ਹੈ। ਉਸ ਨੇ ਕਿਹਾ ਕਿ ਈਡੀ ਦੀ ਕਾਰਵਾਈ ਨਿਆਂਇਕ ਕਸੌਟੀ ਉਤੇ ਖ਼ਰੀ ਨਹੀਂ ਉਤਰ ਸਕੇਗੀ। ਅਯੂਬ ਇਸ ਵੇਲੇ ਅਮਰੀਕਾ ਵਿਚ ਹੈ। ਟਵਿੱਟਰ ’ਤੇ ਇਕ ਪੋਸਟ ਵਿਚ ਰਾਣਾ ਨੇ ਕਿਹਾ ਕਿ ਈਡੀ ਨੇ ਆਰਜ਼ੀ ਤੌਰ ’ਤੇ ਬੈਂਕ ਖਾਤੇ ਉਤੇ ਰੋਕ ਲਾਈ ਹੈ ਪਰ ਇਸ ਕਾਰਵਾਈ ਉਤੇ ਦਿੱਲੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਇਸ ਲਈ ਸਪੱਸ਼ਟ ਤੌਰ ਉਤੇ ਕੁਝ ਨਹੀਂ ਕਿਹਾ ਜਾ ਸਕਦਾ। -ਪੀਟੀਆਈ