ਜੈਪੁਰ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 12 ਸਾਲਾ ਪੁਰਾਣੇ ਬਹੁਪੱਧਰੀ ਮਾਰਕੀਟਿੰਗ ਤੇ ਪੌਂਜ਼ੀ ਸਕੀਮ ਧੋਖਾਧੜੀ ਕੇਸ ਵਿੱਚ 12 ਵਿਅਕਤੀਆਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਹੈ। ਪੌਂਜ਼ੀ ਸਕੀਮ ਤਹਿਤ ਸਾਲ 2008 ਤੋਂ 2011 ਦੇ ਅਰਸੇ ਦੌਰਾਨ 1,18,288 ਨਿਵੇਸ਼ਕਾਂ ਨਾਲ 215 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਸੀ। ਈਡੀ ਵੱਲੋਂ ਦਾਇਰ ਦੋਸ਼ਪੱਤਰ ਵਿਚ ਜੈਪੁਰ ਅਧਾਰਿਤ ਗੋਲਡ ਸੁਖ ਟਰੇਡ ਇੰਡੀਆ ਲਿਮਿਟਡ, ਇਸ ਦੀ ਇਕਾਈ ਗੋਲਡ ਸੁਖ ਕਾਰਪੋਰੇਸ਼ਨ ਲਿਮਿਟਡ ਤੇ ਇਸ ਦੇ ਡਾਇਰੈਕਟਰ ਨਰਿੰਦਰ ਸਿੰਘ, ਮਹਿੰਦਰ ਕੁਮਾਰ ਨਿਰਵਾਣ, ਮਾਨਵੇਂਦਰ ਪ੍ਰਤਾਪ ਸਿੰਘ ਚੌਹਾਨ, ਪ੍ਰਮੋਦ ਉਰਫ਼ ਬਬਲੂ ਸ਼ਰਮਾ ਤੇ ਹੋਰ ਸ਼ਾਮਲ ਹਨ। ਦੋਸ਼ਪੱਤਰ ਵਿੱਚ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਭਾਈਵਾਲਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਈਡੀ ਜਾਂਚ ਦੌਰਾਨ ਹੁਣ ਤਕ 3.06 ਕਰੋੜ ਰੁਪਏ ਮੁੱਲ ਦੀ ਚੱਲ ਤੇ ਅਚੱਲ ਜਾਇਦਾਦ ਕੁਰਕ ਕਰ ਚੁੱਕੀ ਹੈ। -ਆਈਏਐੱਨਐੱਸ