ਪੁਣੇ, 7 ਸਤੰਬਰ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਵੱਖ-ਵੱਖ ਆਗੂਆਂ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਕਾਰਵਾਈਆਂ ਸੂਬਾ ਸਰਕਾਰ ਦੇ ਅਧਿਕਾਰਾਂ ਨੂੰ ਘੇਰਨ ਅਤੇ ਸਿਆਸੀ ਵਿਰੋਧੀਆਂ ਨੂੰ ਨਿਰਾਸ਼ ਕਰਨ ਦੀਆਂ ਕੋਸ਼ਿਸ਼ਾਂ ਹਨ। ਖਾਸ ਤੌਰ ’ਤੇ ਈਡੀ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਅਨਿਲ ਦੇਸ਼ਮੁਖ, ਐੱਨਸੀਪੀ ਆਗੂ ਏਕਨਾਥ ਖੜਸੇ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦੇ ਵੱਖਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਕੇਂਦਰੀ ਏਜੰਸੀ ਨੇ ਪਿਛਲੇ ਹਫ਼ਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਸ਼ਿਵ ਸੈਨਾ ਦੀ ਸੰਸਦ ਮੈਂਬਰ ਭਾਵਨਾ ਗਾਵਲੀ ਨਾਲ ਜੁੜੇ ਮਹਾਰਾਸ਼ਟਰ ਦੇ ਕਈ ਸਥਾਨਾਂ ’ਤੇ ਛਾਪੇ ਮਾਰੇ ਸਨ। ਐੱਨਸੀਪੀ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਕਾਂਗਰਸ ਨਾਲ ਸੱਤਾ ਸਾਂਝੀ ਕਰਦੀ ਹੈ। ਮੀਡੀਆ ਨਾਲ ਗੱਲ ਕਰਦਿਆਂ ਪਵਾਰ ਨੇ ਕਿਹਾ, ‘‘ਪਹਿਲਾਂ ਕਦੇ ਮਹਾਰਾਸ਼ਟਰ ਵਿੱਚ ਈਡੀ ਦੀਆਂ ਇੰਨੀਆਂ ਕਾਰਵਾਈਆਂ ਬਾਰੇ ਨਹੀਂ ਸੁਣਿਆ। ਇੱਕ ਕਾਰਵਾਈ ਖੜਸੇ ਦੇ ਖ਼ਿਲਾਫ਼, ਦੂਜੀ ਅਨਿਲ ਦੇਸ਼ਮੁਖ ਦੇ ਖ਼ਿਲਾਫ਼, ਭਾਵਨਾ ਗਾਵਲੀ ਦੇ ਖ਼ਿਲਾਫ਼ ਵੀ ਚੱਲ ਰਹੀ ਹੈ ਜੋ ਕਿ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੈ।’’ ਭਾਵਨਾ ਗਾਵਲੀ ਨਾਲ ਜੁੜੇ ਸਥਾਨਾਂ ’ਤੇ ਈਡੀ ਦੇ ਛਾਪਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪਵਾਰ ਨੇ ਕਿਹਾ ਕਿ ਇਹ ਮੁੱਦਾ ਵਿੱਦਿਅਕ ਅਦਾਰਿਆਂ ਦਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਜਦੋਂ ਇਸ ਤਰ੍ਹਾਂ ਦੇ ਅਦਾਰਿਆਂ ਖ਼ਿਲਾਫ਼ ਦੋਸ਼ ਲੱਗਦੇ ਹਨ, ਤਾਂ ਚੈਰਿਟੀ ਕਮਿਸ਼ਨਰ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ, ਜੇ ਚੈਰਿਟੀ ਕਮਿਸ਼ਨਰ ਨਹੀਂ ਤਾਂ ਸੂਬਾ ਸਰਕਾਰ ਦੀਆਂ ਏਜੰਸੀਆਂ ਹਨ, ਪਰ ਇੱਥੇ ਈਡੀ ਸਿੱਧੇ ਤੌਰ ’ਤੇ ਸ਼ਾਮਲ ਸੀ।’ ਤੀਜੀ ਕੋਵਿਡ -19 ਲਹਿਰ ਸਬੰਧੀ ਪਵਾਰ ਨੇ ਕਿਹਾ ਕਿ ਉਹ ਵੱਡੇ ਇਕੱਠਾਂ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਣਗੇ। -ਪੀਟੀਆਈ