ਨਵੀਂ ਦਿੱਲੀ, 25 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ (71) ਦੇ ਨਾਗਪੁਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮੁੰਬਈ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਇਹ ਛਾਪੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ਦੀ ਜਾਂਚ ਦਾ ਹਿੱਸਾ ਹਨ। ਇਹ ਛਾਪੇ ਨਾਗਪੁਰ ’ਚ ਦੇਸ਼ਮੁਖ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਸੰਜੀਵ ਪਲੰਦੇ ਤੇ ਨਿੱਜੀ ਸਹਾਇਕ ਕੁੰਦਨ ਸ਼ਿੰਦੇ ਦੀਆਂ ਮੁੰਬਈ ਸਥਿਤ ਰਿਹਾਇਸ਼ਾਂ ’ਤੇ ਮਾਰੇ ਗਏ ਹਨ। ਪਲੰਦੇ ਨੂੰ ਪੁੱਛ-ਪੜਛਾਲ ਲਈ ਮੁੰਬਈ ’ਚ ਈਡੀ ਦੇ ਦਫ਼ਤਰ ਲਿਆਂਦਾ ਗਿਆ। ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਮਹੀਨੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਦੇਸ਼ਮੁਖ ਅਤੇ ਹੋਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਸੀ। ਈਡੀ ਨੇ ਕੇਸ ਉਸ ਸਮੇਂ ਦਰਜ ਕੀਤਾ ਸੀ ਜਦੋਂ ਬੰਬੇ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ ਦੇਸ਼ਮੁਖ ਖ਼ਿਲਾਫ਼ ਮੁੱਢਲੀ ਜਾਂਚ ਸ਼ੁਰੂ ਕੀਤੀ ਸੀ। ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਦੇਸ਼ਮੁਖ ਖ਼ਿਲਾਫ਼ 100 ਕਰੋੜ ਰੁਪਏ ਦੀ ਵਸੂਲੀ ਦੇ ਲਾਏ ਗਏ ਦੋਸ਼ਾਂ ਮਗਰੋਂ ਇਹ ਜਾਂਚ ਆਰੰਭੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਈਡੀ ਦੀਆਂ ਟੀਮਾਂ ਵੱਲੋਂ ਹੋਰ ਸਬੂਤ ਲੱਭੇ ਜਾ ਰਹੇ ਹਨ। ਏਜੰਸੀ ਦੀ ਜਾਂਚ ਪਰਮਬੀਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ’ਤੇ ਕੇਂਦਰਤ ਹੈ -ਪੀਟੀਆਈ
ਸੱਚ ਛੇਤੀ ਸਾਹਮਣੇ ਆਵੇਗਾ: ਦੇਸ਼ਮੁਖ
ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਉਹ ਛਾਪਾ ਮਾਰਨ ਆਏ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਸੱਚ ਛੇਤੀ ਹੀ ਸਾਰਿਆਂ ਦੇ ਸਾਹਮਣੇ ਆਵੇਗਾ। ਦੇਸ਼ਮੁਖ ਨੇ ਕਿਹਾ ਕਿ ਉਹ ਭਵਿੱਖ ’ਚ ਵੀ ਜਾਂਚ ਏਜੰਸੀਆਂ ਨੂੰ ਸਹਿਯੋਗ ਦੇਣਾ ਜਾਰੀ ਰੱਖਣਗੇ। ਦੇਸ਼ਮੁਖ ਨੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਜਾਂਚ ’ਚ ਪੂਰਾ ਸਹਿਯੋਗ ਦੇਣਗੇ। -ਪੀਟੀਆਈ
ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ: ਐੱਨਸੀਪੀ
ਔਰੰਗਾਬਾਦ: ਐੱਨਸੀਪੀ ਨੇ ਅਨਿਲ ਦੇਸ਼ਮੁਖ ਖ਼ਿਲਾਫ਼ ਈਡੀ ਵੱਲੋਂ ਮਾਰੇ ਗਏ ਛਾਪੇ ਲਈ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰਨਾ ਉਸ ਦੀ ਆਦਤ ਬਣ ਗਈ ਹੈ। ਐੱਨਸੀਪੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਜਯੰਤ ਪਾਟਿਲ ਨੇ ਓਸਮਾਨਾਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਅਤੇ ਉਸ ਦੇ ਆਗੂਆਂ ਵੱਲੋਂ ਹੁਣ ਜਾਂਚ ਬਾਰੇ ਆਪਣੀਆਂ ਪ੍ਰਦੇਸ਼ ਇਕਾਈਆਂ ਦੀਆਂ ਬੈਠਕਾਂ ’ਚ ਮਤੇ ਪਾਸ ਕੀਤੇ ਜਾ ਰਹੇ ਹਨ। ‘ਹੁਣ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਬਚਿਆ ਹੈ।’ -ਪੀਟੀਆਈ
ਸੀਬੀਆਈ ਅਤੇ ਈਡੀ ਰਾਮ ਮੰਦਰ ਜ਼ਮੀਨ ਖ਼ਰੀਦ ਮਾਮਲੇ ਦੀ ਜਾਂਚ ਕਰਨ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਹੈ ਕਿ ਸੀਬੀਆਈ ਅਤੇ ਈਡੀ ਨੂੰ ਅਯੁੱਧਿਆ ’ਚ ਰਾਮ ਮੰਦਰ ਟਰੱਸਟ ਵੱਲੋਂ ਜ਼ਮੀਨ ਦੀ ਖ਼ਰੀਦ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੌਮੀ ਕਾਰਜਕਾਰਨੀ ਨੂੰ ਮਤਾ ਪਾਸ ਕਰਕੇ ਜ਼ਮੀਨ ਮਾਮਲੇ ਦੀ ਇਨ੍ਹਾਂ ਏਜੰਸੀਆਂ ਤੋਂ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ। ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਮਾਰੇ ਗਏ ਛਾਪੇ ਦੇ ਸਬੰਧ ’ਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਰਾਊਤ ਨੇ ਇਹ ਗੱਲ ਆਖੀ। -ਪੀਟੀਆਈ