ਨਵੀਂ ਦਿੱਲੀ, 3 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉੱਤਰ ਪ੍ਰਦੇਸ਼ ਵਿੱਚ ਬੋਲੇ (ਬਹਿਰੇ) ਵਿਦਿਆਰਥੀਆਂ ਅਤੇ ਗਰੀਬ ਲੋਕਾਂ ਦੇ ਕਥਿਤ ਧਰਮ ਤਬਦੀਲ ਕਰਵਾਉਣ ਅਤੇ ਵਿਦੇਸ਼ ਤੋਂ ਪੈਸਾ ਮਿਲਣ ਨਾਲ ਜੁੜੇ ਕਾਲਾ ਧਨ ਸਫ਼ੇਦ ਕਰਨ ਦੇ ਮਾਮਲੇ ’ਚ ਅੱਜ ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਛਾਪੇ ਮਾਰੇ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਇਸਲਾਮ ਦਾਵਾ ਕੇਂਦਰ (ਆਈਡੀਸੀ) ਦੇ ਦਫ਼ਤਰ, ਮਾਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਉਮਰ ਗੌਤਮ ਉਸ ਦੇ ਸਹਿਯੋਗੀ ਮੁਫ਼ਤੀ ਕਾਜ਼ੀ ਜਹਾਂਗੀਰ ਆਲਮ ਕਾਸਮੀ ਦੇ ਦੱਖਣੀ ਦਿੱਲੀ ਜਾਮੀਆ ਨਗਰ ਇਲਾਕੇ ’ਚ ਸਥਿਤ ਘਰ ’ਤੇ ਮਾਰੇ ਜਾ ਰਹੇ ਹਨ। ਜਦਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ‘ਅਲ ਹਸਨ ਐਜੂਕੇਸ਼ਨ ਐਂਡ ਵੈੱਲਫੇਅਰ ਫਾਊਂਡੇਸ਼ਨ ਐਂਡ ਗਾਈਡੈਂਸ ਐਜੂੁਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ’ ਦੇ ਦਫ਼ਤਰਾਂ ’ਤੇ ਛਾਪੇ ਮਾਰੇ ਜਾ ਰਹੇ ਹਨ।
ਕੇਂਦਰੀ ਜਾਂਚ ਏਜੰਸੀ ਨੇ ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਵੱਲੋਂ ਨਸ਼ਰ ਕੀਤੇ ਇਸ ਮਾਮਲੇ ਦੀ ਜਾਂਚ ਲਈ ਪਿਛਲੇ ਮਹੀਨੇ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਅਪਰਾਧਿਕ ਕੇਸ ਦਰਜ ਕੀਤਾ ਸੀ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਕਈ ‘ਇਤਰਾਜ਼ਯੋਗ ਦਸਤਾਵੇਜ਼’ ਜ਼ਬਤ ਕੀਤੇ ਗਏ ਹਨ, ਜੋ ਉਮਰ ਗੌਤਮ ਤੇ ਸੰਗਠਨਾਂ ਵੱਲੋਂ ਕਥਿਤ ਤੌਰ ’ਤੇ ਦੇਸ਼ ਭਰ ਵਿੱਚ ‘ਵੱਡੇ ਪੈਮਾਨੇ ’ਤੇ ਕਰਵਾਏ ਗਏ ‘ਧਰਮ ਪਰਿਵਰਤਨ’ ਦਾ ਖੁਲਾਸਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਤੋਂ ਗ਼ੈਰਕਾਨੂੰਨੀ ਧਰਮ ਪਰਿਵਰਤਨ ਦੇ ਮਕਸਦ ਨਾਲ ਮੁਲਜ਼ਮ ਸੰਗਠਨਾਂ ਵੱਲੋਂ ਪ੍ਰਾਪਤ ਕਈ ਕਰੋੜ ਰੁਪਏ ਦੇ ਵਿਦੇਸ਼ੀ ਧਨ ਦਾ ਵੀ ਪਤਾ ਲੱਗਾ ਹੈ। -ਪੀਟੀਆਈ
ਮਹਿਲਾ ਦਾ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਹੇਠ ਇੱਕ ਗ੍ਰਿਫ਼ਤਾਰ
ਬੁਲੰਦਸ਼ਹਿਰ (ਯੂਪੀ): ਪੁਲੀਸ ਨੇ ਇੱਕ ਮਹਿਲਾ ਦਾ ਕਥਿਤ ਧਰਮ ਤਬਦੀਲ ਕਰਵਾਉਣ ਦੇ ਦੋਸ਼ ਹੇਠ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮਹਿਲਾ ਦੇ ਪਿਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਇੰਤਾਕ ਉਸ ਦੀ ਬੇਟੀ ਨੂੰ ਦੋ ਸਾਲ ਮਿਲਿਆ ਸੀ ਅਤੇ ਆਪਣਾ ਨਾਂ ਅਮਨ ਸ਼ਰਮਾ ਦੱਸਿਆ। ਵਿਆਹ ਦਾ ਲਾਰਾ ਲਾ ਕੇ ਅਮਨ ਨੇ ਉਸ ਦੀ ਬੇਟੀ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਟਾਲਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਜਦੋਂ ਉਹ ਮਹਿਲਾ ਨੂੰ ਧਰਮ ਬਦਲਾਉਣ ਲਈ ਇੱਕ ਮਦਰੱਸੇ ’ਚ ਲੈ ਗਿਆ ਤਾਂ ਉਸ ਨੂੰ ਇੰਤਾਕ ਕੀ ਸਚਾਈ ਦਾ ਪਤਾ ਲੱਗਾ। -ਪੀਟੀਆਈ