ਨਾਗਪੁਰ, 18 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲਾ ਧਨ ਸਫ਼ੇਦ ਕਰਨ ਦੇ ਇੱਕ ਮਾਮਲੇ ਦੀ ਜਾਂਚ ਤਹਿਤ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀਆਂ ਨਾਗਪੁਰ ਵਿਚਲੀਆਂ ਦੋ ਰਿਹਾਇਸ਼ਾਂ ’ਤੇ ਛਾਪੇ ਮਾਰੇ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਈਡੀ ਦੀਆਂ ਦੋ ਵੱਖ-ਵੱਖ ਟੀਮਾਂ ਨੇ ਇੱਥੋਂ 60 ਕਿਲੋਮੀਟਰ ਦੂਰ ਦੇਸ਼ਮੁਖ ਦੇ ਕਟੋਲ ਟਾਊਨ ਸਥਿਤ ਘਰ ਅਤੇ ਕਟੋਲ ਨੇੜੇ ਵਾਡਵਿਹੀਰਾ ਪਿੰਡ ਵਿੱਚ ਉਨ੍ਹਾਂ ਦੇ ਜੱਦੀ ਘਰ ਦੀ ਤਲਾਸ਼ੀ ਲਈ ਹੈ। ਉਨ੍ਹਾਂ ਮੁਤਾਬਕ ਤਲਾਸ਼ੀ ਸਵੇਰੇ ਲਗਪਗ ਛੇ ਵਜੇ ਸ਼ੁਰੂ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਾਡਵਿਹੀਰਾ ਵਾਲੀ ਰਿਹਾਇਸ਼ ’ਤੇ ਤਲਾਸ਼ੀ ਲਗਪਗ ਦੁਪਹਿਰ 12 ਵਜੇ ਪੂਰੀ ਹੋ ਗਈ ਜਦਕਿ ਉਨ੍ਹਾਂ ਦੇ ਕਟੋਲ ਵਿਚਲੇ ਘਰ ਦੀ ਤਲਾਸ਼ੀ ਜਾਰੀ ਹੈ। ਜ਼ਿਕਰਯੋਗ ਹੈ ਕਿ ਈਡੀ ਬਹੁ-ਕਰੋੜੀ ਰਿਸ਼ਵਤ ਅਤੇ ਜਬਰੀ ਵਸੂਲੀ ਰੈਕੇਟ, ਜਿਸ ਦੇ ਚੱਲਦਿਆਂ ਇਸ ਸਾਲ ਅਪਰੈਲ ਮਹੀਨੇ ਅਨਿਲ ਦੇਸ਼ਮੁਖ ਨੂੰ ਅਸਤੀਫ਼ਾ ਦੇਣਾ ਪਿਆ ਸੀ, ਸਬੰਧੀ ਕਾਲੇ ਧਨ ਨੂੰ ਸਫੇਦ ਕਰਨ ਦੇ ਇੱਕ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ
ਛਾਪਿਆਂ ਖ਼ਿਲਾਫ਼ ਐੱਨਸੀਪੀ ਵਰਕਰਾਂ ਵੱਲੋਂ ਮੁਜ਼ਾਹਰਾ
ਨਾਗਪੁਰ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਨਾਗਪੁਰ ’ਚ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਦੇ ਘਰ ਦੀ ਤਲਾਸ਼ੀ ਲਏ ਜਾਣ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵਰਕਰਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਜਿਉਂ ਹੀ ਦੇਸ਼ਮੁਖ ਦੀਆਂ ਰਿਹਾਇਸ਼ਾਂ ’ਤੇ ਈਡੀ ਦੇ ਛਾਪੇ ਦੀ ਖ਼ਬਰ ਫੈਲੀ, ਐੱਨਸੀਪੀ ਵਰਕਰ ਅਤੇ ਸਾਬਕਾ ਮੰਤਰੀ ਦੇ ਸਮਰਥਕ ਮੌਕੇ ’ਤੇ ਪਹੁੰਚ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। -ਪੀਟੀਆਈ