ਨਵੀਂ ਦਿੱਲੀ, 18 ਅਪਰੈਲ
ਬਹੁਪੱਧਰੀ ਮਾਰਕਿਟਿੰਗ (ਐਮਐਲਐਮ) ਯੋਜਨਾ ਨੂੰ ਹੁਲਾਰਾ ਦੇਣ ਵਾਲੀ ਕੰਪਨੀ ਐਮਵੇਅ ਦੀ 757 ਕਰੋੜ ਰੁਪਏ ਤੋਂ ਵਧ ਦੀ ਜਾਇਦਾਦ ਈਡੀ ਨੇ ਮਨੀ ਲੌਂਡਰਿੰਗ ਐਕਟ ਤਹਿਤ ਜ਼ਬਤ ਕੀਤੀ ਹੈ। ਈਡੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਐਮਵੇਅ ਇੰਡੀਆ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਦੀ ਅਸਥਾਈ ਤੌਰ ’ਤੇ ਜ਼ਬਤ ਜਾਇਦਾਦਾਂ ਵਿੱਚ ਤਾਮਿਲਨਾਡੂ ਦੇ ਡਿੰਡੀਗੁਲ ਜ਼ਿਲ੍ਹੇ ਵਿਚਲੀ ਜ਼ਮੀਨ ਅਤੇ ਕਾਰਖਾਨੇ ਦੀਆਂ ਇਮਾਰਤਾਂ, ਪਲਾਂਟ ਅਤੇ ਮਸ਼ੀਨਰੀ, ਵਾਹਨ, ਬੈਂਕ ਖਾਤੇ ਅਤੇ ਫਿਕਸਡ ਡਿਪਾਜ਼ਿਟ ਸ਼ਾਮਲ ਹਨ। ਕੁਰਕ ਕੀਤੀ ਕੁਲ 757.77 ਕਰੋੜ ਰੁਪਏ ਦੀ ਜਾਇਦਾਦ ਵਿੱਚ ਚਲ ਅਤੇ ਅਚੱਲ ਸੰਪਤੀ 411.83 ਕਰੋੜ ਰੁਪਏ ਦੀ ਹੈ, ਜਦੋਂ ਕਿ ਰਹਿੰਦੀ ਰਾਸ਼ੀ ਐਮਵੇਅ ਨਾਲ ਸਬੰਧਤ 36 ਬੈਂਕ ਖਾਤਿਆਂ ਵਿੱਚ ਜਮ੍ਹਾਂ 345.94 ਕਰੋੜ ਰੁਪਏ ਹਨ।-ਏਜੰਸੀ