ਲਖਨਊ, 14 ਅਗਸਤ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਖ਼ੁਸ਼ਹਾਲ ਤੇ ਸੁਰੱਖਿਅਤ ਭਾਰਤ ਲਈ ਹਰੇਕ ਨਾਗਰਿਕ ਦਾ ਵਿਅਕਤੀਗਤ ਪੱਧਰ ਉਤੇ ਕੋਸ਼ਿਸ਼ ਕਰਨਾ ਮਹੱਤਵਪੂਰਨ ਹੈ। ਯੂਪੀ ਹੋਮ ਗਾਰਡਜ਼ ਵੱਲੋਂ ਕਰਵਾਏ ਇਕ ਸਮਾਗਮ ਵਿਚ ਮੁੱਖ ਮੰਤਰੀ ਨੇ ਕਿਹਾ ਜਦ ਅਸੀਂ ਨਿੱਜੀ ਜ਼ਿੰਦਗੀ ਤੇ ਪਰਿਵਾਰਕ ਜੀਵਨ ਤੋਂ ਉਪਰ ਉੱਠ ਸਮਾਜ ਲਈ ਕੰਮ ਕਰਾਂਗੇ ਤਾਂ ਹੀ ਭਾਰਤ ਸੰਸਾਰ ਵਿਚ ਵੱਡੀ ਤਾਕਤ ਵਜੋਂ ਉੱਭਰੇਗਾ। ਹੋਮ ਗਾਰਡਜ਼ ਵੱਲੋਂ ਤਿਰੰਗਾ ਮੋਟਰਸਾਈਕਲ ਰੈਲੀ ਕਰਵਾਈ ਗਈ ਸੀ। ਯੋਗੀ ਨੇ ਕਿਹਾ ਕਿ ਹਰ ਨਾਗਰਿਕ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਹੈ। ਦੇਸ਼ ਕਰ ਕੇ ਹੀ ਸਾਡੀ ਹੋਂਦ ਤੇ ਪਛਾਣ ਹੈ। ਜੇ ਦੇਸ਼ ਸੁਰੱਖਿਅਤ ਹੈ ਤਾਂ ਹੀ ਅਸੀਂ ਸੁਰੱਖਿਅਤ ਹਾਂ। ਉਨ੍ਹਾਂ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਯੋਗੀ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਸਿਹਤ ਕਰਮੀਆਂ, ਪ੍ਰਸ਼ਾਸਨ, ਪੁਲੀਸ ਤੇ ਹੋਰਾਂ ਨੇ ਮਜ਼ਬੂਤੀ ਨਾਲ ਕੰਮ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ ਲਈ ਟੀਚੇ ਰੱਖੇ ਹਨ। ਹਰੇਕ ਨਾਗਰਿਕ ਨੂੰ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਆਪਣੇ ਫਰਜ਼ ਅਦਾ ਕਰਨੇ ਪੈਣਗੇ ਤਾਂ ਹੀ ਇਸ ਦੇ ਚੰਗੇ ਨਤੀਜੇ ਨਿਕਲਣਗੇ। -ਪੀਟੀਆਈ