ਵਿਭਾ ਸ਼ਰਮਾ
ਨਵੀਂ ਦਿੱਲੀ, 5 ਜੁਲਾਈ
ਫ਼ਸਲਾਂ ਨੂੰ ਟਿੱਡੀਆਂ ਦੇ ਹਮਲੇ ਤੋਂ ਬਚਾਊਣ ਲਈ ਕੀਤੇ ਜਾ ਰਹੇ ਊਪਰਾਲਿਆਂ ’ਚ ਹੈਲੀਕਾਪਟਰ ਵੀ ਮਦਦਗਾਰ ਸਾਬਿਤ ਹੋ ਰਿਹਾ ਹੈ। ਬੈੱਲ ਹੈਲੀਕਾਪਟਰ ਨੇ ਰਾਜਸਥਾਨ ’ਚ ਜੈਸਲਮੇਰ ਜ਼ਿਲ੍ਹੇ ਦੇ ਬਾਂਦਾ ਇਲਾਕੇ ’ਚ ਪਹਿਲੀ ਊਡਾਣ ਭਰੀ ਅਤੇ ਟਿੱਡੀਆਂ ਦੇ ਖਾਤਮੇ ਲਈ ਰਸਾਇਣਾਂ ਦਾ ਛਿੜਕਾਅ ਕੀਤਾ। ਊਧਰ ਖੁਰਾਕ ਅਤੇ ਖੇਤੀਬਾੜੀ ਜਥੇਬੰਦੀ (ਐੱਫਏਓ) ਮੁਤਾਬਕ ਟਿੱਡੀ ਦਲ ਜੁਲਾਈ ਦੇ ਅੱਧ ਤੋਂ 15 ਅਗਸਤ ਤੱਕ ਮੁੜ ਹਮਲਾ ਕਰ ਸਕਦਾ ਹੈ। ਜਥੇਬੰਦੀ ਮੁਤਾਬਕ ਮੌਨਸੂਨ ੱਤ ਟਿੱਡੀਆਂ ਦਾ ਪ੍ਰਜਨਣ ਕਾਲ ਹੁੰਦਾ ਹੈ ਅਤੇ ਊਹ ਰਾਜਸਥਾਨ ’ਤੇ ਮੁੜ ਹਮਲਾ ਕਰ ਸਕਦੀਆਂ ਹਨ। ਇਰਾਨ ਅਤੇ ਪਾਕਿਸਤਾਨ ਤੋਂ ਆ ਰਹੇ ਟਿੱਡੀਆਂ ਦੇ ਝੁੰਡਾਂ ਨਾਲ ਹੋਰ ਟਿੱਡੀ ਦਲ ਹਮਲੇ ਕਰ ਸਕਦੇ ਹਨ। ਖੇਤੀਬਾੜੀ ਮੰਤਰਾਲੇ ਮੁਤਾਬਕ ਟਿੱਡੀਆਂ ਭਾਰਤ-ਪਾਕਿਸਤਾਨ ਸਰਹੱਦ ’ਤੇ ਪਣਪ ਰਹੀਆਂ ਹਨ ਅਤੇ ਇਹ ਦਲ ਅਗੱਸਤ ਦੇ ਅੱਧ ’ਚ ਤਬਾਹੀ ਮਚਾ ਸਕਦੇ ਹਨ। ਊਂਜ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਊੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਦੇ ਕਰੀਬ ਢਾਈ ਲੱਖ ਹੈਕਟੇਅਰ ਰਕਬੇ ਨੂੰ ਟਿੱਡੀਆਂ ਤੋਂ ਬਚਾਊਣ ਦੇ ਊਪਰਾਲੇ 11 ਅਪਰੈਲ ਤੋਂ ਸ਼ੁਰੂ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ ’ਚ ਟਿੱਡੀਆਂ ਦੇ ਹਮਲੇ ਦੇ ਬਾਵਜੂਦ ਗੁਜਰਾਤ, ਊੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ’ਚ ਫ਼ਸਲਾਂ ਦਾ ਕੋਈ ਭਾਰੀ ਨੁਕਸਾਨ ਨਹੀਂ ਹੋਇਆ ਹੈ। ਵੈਸੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ’ਚ ਕੁਝ ਫ਼ਸਲਾਂ ਜ਼ਰੂਰ ਬਰਬਾਦ ਹੋਈਆਂ ਹਨ।
ਗੁਲਾਬੀ ਅਤੇ ਪੀਲੇ ਰੰਗ ਦੀਆਂ ਟਿੱਡੀਆਂ ਦੇ ਦਲ ਰਾਜਸਥਾਨ ਦੇ ਜੈਸਲਮੇਰ, ਬਾੜਮੇਰ, ਬੀਕਾਨੇਰ, ਨਾਗੌਰ, ਦੌਸਾ ਅਤੇ ਭਰਤਪੁਰ, ਯੂਪੀ ਦੇ ਝਾਂਸੀ ਤੇ ਮਹੋਬਾ ਜ਼ਿਲ੍ਹਿਆਂ ’ਚ ਸਰਗਰਮ ਹਨ। ਖੇਤੀ ਮੰਤਰਾਲੇ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਊੱਤਰ ਪ੍ਰਦੇਸ਼ ’ਚ ਟਿੱਡੀਆਂ ਦੇ ਖਾਤਮੇ ਲਈ ਕੇਂਦਰ ਸਰਕਾਰ ਦੇ 200 ਮੁਲਾਜ਼ਮਾਂ ਸਮੇਤ 60 ਕੰਟਰੋਲ ਟੀਮਾਂ ਸਪਰੇਅ ਵਾਹਨਾਂ ਨਾਲ ਤਾਇਨਾਤ ਕੀਤੀਆਂ ਗਈਆਂ ਹਨ। ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੌਦੀ ’ਚ 12 ਡਰੋਨਾਂ ਨਾਲ ਪੰਜ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਵੱਡੇ ਦਰੱਖਤਾਂ ਅਤੇ ਹੋਰ ਥਾਵਾਂ ’ਤੇ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੀਆਂ ਹਨ। ਭਾਰਤ ਪਹਿਲਾ ਮੁਲਕ ਹੈ ਜਿਥੇ ਟਿੱਡੀਆਂ ਦੇ ਖਾਤਮੇ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ 3 ਬੇਸ ਰਿਪੇਅਰ ਡਿਪੂ ਨੇ ਤਿਆਰ ਕੀਤੀ ਪ੍ਰਣਾਲੀ
ਟਿੱਡੀ ਦਲ ਦੇ ਹਮਲੇ ਨੂੰ ਨਾਕਾਮ ਬਣਾਊਣ ਲਈ ਸਰਕਾਰ ਵੱਲੋਂ ਡਰੋਨਾਂ, ਹੈਲੀਕਾਪਟਰਾਂ ਅਤੇ ਜਹਾਜ਼ਾਂ ਦੀ ਸਹਾਇਤਾ ਲਈ ਜਾ ਰਹੀ ਹੈ। ਭਾਰਤੀ ਹਵਾਈ ਸੈਨਾ ਨੇ ਚੰਡੀਗੜ੍ਹ ਸਥਿਤ 3 ਬੇਸ ਰਿਪੇਅਰ ਡਿਪੂ ਨੂੰ ਐੱਮਆਈ-17 ਹੈਲੀਕਾਪਟਰਾਂ ਲਈ ਏਅਰਬੋਰਨ ਲੋਕਸਟ ਕੰਟਰੋਲ ਸਿਸਟਮ ਵਿਕਸਤ ਕਰਨ ਦਾ ਕੰਮ ਸੌਂਪਿਆ ਹੈ ਕਿਊਂਕਿ ਲੌਕਡਾਊਨ ਕਾਰਨ ਯੂਕੇ ਤੋਂ ਪ੍ਰਣਾਲੀ ’ਚ ਬਦਲਾਅ ਲਈ ਮਾਹਿਰਾਂ ਦੇ ਆਊਣ ’ਚ ਦੇਰੀ ਹੋ ਗਈ ਹੈ। ਐੱਮਆਈ-ਹੈਲੀਕਾਪਟਰ ਦੀ ਸਹਾਇਤਾ ਨਾਲ ਦੋਵੇਂ ਪਾਸੇ ਟੂਟੀਆਂ ਰਾਹੀਂ ਰਸਾਇਣਾਂ ਦਾ ਸਪਰੇਅ ਕੀਤਾ ਜਾਂਦਾ ਹੈ। ਇਹ ਟੂਟੀਆਂ ਸੀਐੱਸਆਈਓ ਚੰਡੀਗੜ੍ਹ ਅਤੇ ਬਾਜ਼ਾਰ ’ਚ ਮਿਲਦੀਆਂ ਟੂਟੀਆਂ ਦਾ ਮਿਸ਼ਰਣ ਹੈ।