ਨਵੀਂ ਦਿੱਲੀ: ਵਣਜ ਅਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕਰੇਨ ਅਤੇ ਰੂਸ ਤੋਂ ਕਣਕ ਦੀ ਸਭ ਤੋਂ ਵਧ ਦਰਾਮਦ ਕਰਨ ਵਾਲੇ ਮੁਲਕ ਮਿਸਰ ਨੇ ਭਾਰਤ ਨੂੰ ਕਣਕ ਸਪਾਲਾਇਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਸੰਘਰਸ਼ ਕਾਰਨ ਆਲਮੀ ਬਾਜ਼ਾਰਾਂ ’ਚ ਕਣਕ ਦੀ ਉਪਲੱਬਧਤਾ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਦੋਵੇਂ ਮੁਲਕ ਕਣਕ ਦੇ ਵੱਡੇ ਉਤਪਾਦਕ ਅਤੇ ਬਰਾਮਦਕਾਰ ਹਨ। ਮਿਸਰ ਨੇ 2020 ’ਚ ਰੂਸ ਤੋਂ 1.8 ਅਰਬ ਡਾਲਰ ਅਤੇ ਯੂਕਰੇਨ ਤੋਂ 61.08 ਕਰੋੜ ਡਾਲਰ ਦੀ ਕਣਕ ਦਰਾਮਦ ਕੀਤੀ ਸੀ। ਹੁਣ ਅਫ਼ਰੀਕੀ ਮੁਲਕ ਭਾਰਤ ਤੋਂ 10 ਲੱਖ ਟਨ ਕਣਕ ਖ਼ਰੀਦਣਾ ਚਾਹੁੰਦਾ ਹੈ ਅਤੇ ਅਪਰੈਲ ’ਚ ਉਸ ਨੂੰ 2,40,000 ਟਨ ਕਣਕ ਦੀ ਲੋੜ ਹੋਵੇਗੀ। ਸ੍ਰੀ ਗੋਇਲ ਨੇ ਟਵੀਟ ਕਰਕੇ ਕਿਹਾ,‘‘ਭਾਰਤੀ ਕਿਸਾਨ ਦੁਨੀਆ ਦਾ ਢਿੱਡ ਭਰ ਰਹੇ ਹਨ। ਮਿਸਰ ਨੇ ਭਾਰਤ ਨੂੰ ਕਣਕ ਸਪਲਾਇਰ ਵਜੋਂ ਪ੍ਰਵਾਨਗੀ ਦਿੱਤੀ ਹੈ। ਦੁਨੀਆ ਸਥਿਰ ਖੁਰਾਕ ਸਪਲਾਈ ਦੇ ਭਰੋਸੇਯੋਗ ਬਦਲਵੇਂ ਵਸੀਲਿਆਂ ਦੀ ਖੋਜ ’ਚ ਹੈ ਅਤੇ ਅਜਿਹੇ ’ਚ ਮੋਦੀ ਸਰਕਾਰ ਅੱਗੇ ਆਈ ਹੈ। ਸਾਡੇ ਕਿਸਾਨਾਂ ਨੇ ਭੰਡਾਰਾਂ ਨੂੰ ਭਰਿਆ ਰੱਖਿਆ ਹੋਇਆ ਹੈ ਅਤੇ ਅਸੀਂ ਦੁਨੀਆ ਦੀ ਸੇਵਾ ਕਰਨ ਲਈ ਤਿਆਰ ਹਾਂ।’’ ਅਪਰੈਲ 2021 ਤੋਂ ਜਨਵਰੀ 2022 ਦਰਮਿਆਨ ਭਾਰਤ ਦੀ ਕਣਕ ਬਰਾਮਦਗੀ ਵਧ ਕੇ 1.74 ਅਰਬ ਡਾਲਰ ਹੋ ਗਈ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਇਸੇ ਸਮੇਂ ਦੌਰਾਨ ਇਹ 34.017 ਕਰੋੜ ਡਾਲਰ ਸੀ। 2019-20 ’ਚ ਕਣਕ ਬਰਾਮਦਗੀ 6.184 ਕਰੋੜ ਡਾਲਰ ਸੀ ਜੋ 2020-21 ’ਚ ਵਧ ਕੇ 54.967 ਕਰੋੜ ਡਾਲਰ ਹੋ ਗਈ ਸੀ। ਭਾਰਤ ਕਣਕ ਦੀ ਬਰਾਮਦ ਮੁੱਖ ਤੌਰ ’ਤੇ ਗੁਆਂਢੀ ਮੁਲਕਾਂ ਨੂੰ ਕਰਦਾ ਹੈ ਜਿਨ੍ਹਾਂ ’ਚੋਂ ਸਭ ਤੋਂ ਜ਼ਿਆਦਾ 54 ਫ਼ੀਸਦੀ ਬਰਾਮਦਗੀ ਬੰਗਲਾਦੇਸ਼ ਨੂੰ ਕੀਤੀ ਜਾਂਦੀ ਹੈ। ਭਾਰਤ ਨੇ ਯਮਨ, ਅਫ਼ਗਾਨਿਸਤਾਨ, ਕਤਰ ਅਤੇ ਇੰਡੋਨੇਸ਼ੀਆ ਜਿਹੇ ਮੁਲਕਾਂ ’ਚ ਵੀ ਪ੍ਰਵੇਸ਼ ਕੀਤਾ ਹੈ। ਸਾਲ 2020-21 ’ਚ ਭਾਰਤ ਤੋਂ ਕਣਕ ਦੀ ਬਰਾਮਦਗੀ ਕਰਨ ਵਾਲੇ ਸਿਖਰਲੇ 10 ਮੁਲਕਾਂ ’ਚ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਸ੍ਰੀਲੰਕਾ, ਯਮਨ, ਅਫ਼ਗਾਨਿਸਤਾਨ, ਕਤਰ, ਇੰਡੋਨੇਸ਼ੀਆ, ਓਮਾਨ ਅਤੇ ਮਲੇਸ਼ੀਆ ਹਨ। ਦੁਨੀਆ ਦੀ ਕੁੱਲ ਕਣਕ ਬਰਾਮਦਗੀ ’ਚ ਭਾਰਤ ਦੀ ਹਿੱਸੇਦਾਰੀ ਇਕ ਫ਼ੀਸਦੀ ਤੋਂ ਵੀ ਘੱਟ ਹੈ। ਉਂਜ ਉਸ ਦੀ ਹਿੱਸੇਦਾਰੀ 2016 ’ਚ 0.14 ਫ਼ੀਸਦੀ ਤੋਂ 2020 ’ਚ ਵਧ ਕੇ 0.54 ਫ਼ੀਸਦੀ ਹੋ ਗਈ ਸੀ। ਭਾਰਤ ਕਣਕ ਦੀ ਪੈਦਾਵਾਰ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਮੁਲਕ ਹੈ ਅਤੇ ਦੁਨੀਆ ’ਚ 2020 ’ਚ ਕਣਕ ਦੇ ਕੁੱਲ ਉਤਪਾਦਨ ’ਚ ਉਸ ਦੀ ਹਿੱਸੇਦਾਰੀ ਕਰੀਬ 14.14 ਫ਼ੀਸਦੀ ਸੀ। ਭਾਰਤ ਸਾਲਾਨਾ ਕਰੀਬ 10.759 ਕਰੋੜ ਟਨ ਕਣਕ ਪੈਦਾ ਕਰਦਾ ਹੈ ਅਤੇ ਜ਼ਿਆਦਾਤਰ ਖ਼ਪਤ ਘਰੇਲੂ ਪੱਧਰ ’ਤੇ ਹੀ ਹੋ ਜਾਂਦੀ ਹੈ। ਦੇਸ਼ ’ਚ ਕਣਕ ਦੀ ਪੈਦਾਵਾਰ ਕਰਨ ਵਾਲੇ ਸੂਬਿਆਂ ’ਚ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਗੁਜਰਾਤ ਸ਼ਾਮਲ ਹਨ। -ਪੀਟੀਆਈ