ਨਵੀਂ ਦਿੱਲੀ, 6 ਅਗਸਤ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੂੰ ਦੱਸਿਆ ਕਿ ਵਾਤਾਵਰਨ ਅਸਰ ਮੁਲਾਂਕਣ (ਈਆਈਏ) ਨੋਟੀਫਿਕੇਸ਼ਨ ਦਾ ਖਰੜਾ ਜਨਤਕ ਸੁਣਵਾਈ ਨੂੰ ਢਿੱਲੀ ਨਹੀਂ ਸਗੋਂ ਉਸ ਨੂੰ ਹੋਰ ਅਰਥ ਭਰਪੂਰ ਬਣਾਉਂਦਾ ਹੈ। ਸ੍ਰੀ ਰਮੇਸ਼ ਵੱਲੋਂ ਕਈ ਮੌਕਿਆਂ ’ਤੇ ਏਆਈਏ ਦੇ ਖਰੜੇ ’ਤੇ ਇਤਰਾਜ਼ ਜਤਾਏ ਜਾਣ ਦੇ ਜਵਾਬ ’ਚ ਸ੍ਰੀ ਜਾਵੜੇਕਰ ਨੇ ਪੱਤਰ ਲਿਖਿਆ ਹੈ। ਮੰਤਰੀ ਨੇ ਕਿਹਾ ਕਿ ਸ੍ਰੀ ਰਮੇਸ਼ ਆਪਣੇ ਇਤਰਾਜ਼ ਜੱਗ ਜ਼ਾਹਿਰ ਕਰ ਰਹੇ ਹਨ ਜਦਕਿ ਈਆਈਏ ਦੇ ਖਰੜੇ ਬਾਰੇ ਅਜੇ ਲੋਕਾਂ ’ਚ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਇਹ ਨੋਟੀਫਿਕੇਸ਼ਨ ਮੰਤਰਾਲੇ ਵੱਲੋਂ ਮਾਰਚ ’ਚ ਜਾਰੀ ਕੀਤਾ ਗਿਆ ਸੀ। ਮੰਤਰਾਲੇ ਨੇ ਪਹਿਲਾਂ ਕਿਹਾ ਸੀ ਕਿ ਉਹ ਲੋਕਾਂ ਦੇ ਸੁਝਾਅ ਅਤੇ ਰਾਏ 30 ਜੂਨ ਤੋਂ ਬਾਅਦ ਨਹੀਂ ਲਵੇਗਾ ਪਰ ਬਾਅਦ ’ਚ ਇਸ ਦਾ ਸਮਾਂ 12 ਅਗਸਤ ਤੱਕ ਵਧਾ ਦਿੱਤਾ ਗਿਆ ਸੀ। ਸ੍ਰੀ ਰਮੇਸ਼ ਨੇ ਵਾਤਾਵਰਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਈਆਈਏ ਦਾ ਖਰੜਾ ਵਾਤਾਵਰਨ ਪ੍ਰਵਾਨਗੀ ਪ੍ਰਕਿਰਿਆ ਦੇ ਸਾਰੇ ਕਦਮਾਂ ’ਚ ਲੋਕਾਂ ਦੀ ਸ਼ਮੂਲੀਅਤ ਨੂੰ ਘਟਾ ਦਿੰਦਾ ਹੈ। ਸ੍ਰੀ ਜਾਵੜੇਕਰ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਵੀ ਇਸ ’ਚ ਸ਼ਾਮਲ ਕੀਤਾ ਹੈ ਅਤੇ ਉਨ੍ਹਾਂ ਤੋਂ ਹਜ਼ਾਰਾਂ ਸੁਝਾਅ ਮਿਲੇ ਹਨ ਜਿਨ੍ਹਾਂ ’ਤੇ ਵਿਚਾਰ ਕਰ ਕੇ ਸੋਧਿਆ ਹੋਇਆ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। -ਪੀਟੀਆਈ