ਇੰਫਾਲ, 21 ਨਵੰਬਰ
ਮਨੀਪੁਰ ’ਚ ਲਗਾਤਾਰ ਵਧ ਰਹੀ ਹਿੰਸਾ ਦਰਮਿਆਨ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਅੱਠ ਕੰਪਨੀਆਂ ਬੁੱਧਵਾਰ ਨੂੰ ਸੂਬੇ ਦੀ ਰਾਜਧਾਨੀ ਇੰਫਾਲ ਪਹੁੰਚ ਚੁੱਕੀਆਂ ਹਨ। ਇਕ ਅਧਿਕਾਰੀ ਨੇ ਕਿਹਾ ਕਿ ਜਵਾਨਾਂ ਨੂੰ ਸੰਵੇਦਨਸ਼ੀਲ ਅਤੇ ਹਿੰਸਾਗ੍ਰਸਤ ਇਲਾਕਿਆਂ ’ਚ ਤਾਇਨਾਤ ਕੀਤਾ ਜਾਵੇਗਾ। ਉਧਰ ਜਨਤਾ ਦਲ (ਯੂ) ਵਿਧਾਇਕ ਖੁਮਕਚਾਮ ਜੌਇਕਿਸ਼ਨ ਸਿੰਘ ਦੀ ਮਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ 16 ਨਵੰਬਰ ਨੂੰ ਭੀੜ ਵੱਲੋਂ ਘਰ ’ਤੇ ਕੀਤੇ ਗਏ ਹਮਲੇ ਦੌਰਾਨ 18 ਲੱਖ ਰੁਪਏ ਦੀ ਨਕਦੀ ਅਤੇ ਡੇਢ ਕਰੋੜ ਰੁਪਏ ਮੁੱਲ ਦੇ ਗਹਿਣੇ ਲੁੱਟ ਲਏ ਗਏ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਭੀੜ ਵੱਲੋਂ 16 ਨਵੰਬਰ ਨੂੰ ਪੱਛਮੀ ਇੰਫਾਲ ਦੇ ਥੰਗਮੇਈਬੰਦ ਇਲਾਕੇ ’ਚ ਵਿਧਾਇਕ ਦੀ ਰਿਹਾਇਸ਼ ਨੇੜੇ ਘਰੋਂ ਉਜੜੇ ਲੋਕਾਂ ਲਈ ਬਣੇ ਰਾਹਤ ਕੈਂਪ ’ਚ ਪਏ ਸਾਮਾਨ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਸੀ।
ਪੁਲੀਸ ਨੇ ਕਿਹਾ ਕਿ ਭੀੜ ਨੇ ਵਿਧਾਇਕ ਦੀ ਰਿਹਾਇਸ਼ ’ਤੇ ਕਰੀਬ ਦੋ ਘੰਟਿਆਂ ਤੱਕ ਭੰਨ-ਤੋੜ ਕੀਤੀ ਸੀ। ਉਨ੍ਹਾਂ ਇਸ ਸਬੰਧੀ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ’ਤੇ ਪਿਛਲੇ ਹਫ਼ਤੇ ਹੋਏ ਹਮਲੇ ਸਮੇਂ ਵਿਧਾਇਕ ਕਿਸੇ ਰਿਸ਼ਤੇਦਾਰ ਦੇ ਇਲਾਜ ਲਈ ਦਿੱਲੀ ’ਚ ਸੀ। ਜੌਇਕਿਸ਼ਨ ਦੀ ਰਿਹਾਇਸ਼ ਤੋਂ ਕੁਝ ਮੀਟਰ ਦੀ ਦੂਰੀ ’ਤੇ ਤੋਂਬੀਸਾਨਾ ਹਾਇਰ ਸੈਕੰਡਰੀ ਸਕੂਲ ’ਚ ਬਣੇ ਰਾਹਤ ਕੈਂਪ ’ਚ ਰਹਿੰਦੇ ਇਕ ਵਿਅਕਤੀ ਨੇ ਕਿਹਾ ਕਿ ਭੀੜ ਨੇ ਸਬਜ਼ੀਆਂ, ਸਰਦੀਆਂ ਦੇ ਕੱਪੜੇ ਅਤੇ ਹੋਰ ਵਸਤਾਂ ਲੁੱਟ ਲਈਆਂ। ਭੀੜ ਨੇ ਲਾਕਰ, ਇਲੈਕਟ੍ਰਾਨਿਕਸ ਵਸਤਾਂ ਅਤੇ ਫਰਨੀਚਰ ਤੋੜ ਦਿੱਤਾ ਅਤੇ ਉਨ੍ਹਾਂ ਤਿੰਨ ਏਅਰ ਕੰਡੀਸ਼ਨਰ ਵੀ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਭੀੜ ਆਪਣੇ ਨਾਲ ਸੱਤ ਗੈਸ ਸਿਲੰਡਰ ਵੀ ਚੁੱਕ ਕੇ ਲੈ ਗਈ। ਜਿਰੀਬਾਮ ਜ਼ਿਲ੍ਹੇ ’ਚ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਹਿੰਸਾ ਭੜਕੀ ਸੀ ਅਤੇ ਲੋਕਾਂ ਨੇ ਕਈ ਵਿਧਾਇਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਸੀ। -ਪੀਟੀਆਈ
ਸੀਆਰਪੀਐੱਫ ਦੀ ਮਹਿਲਾ ਬਟਾਲੀਅਨ ਵੀ ਹੋਵੇਗੀ ਤਾਇਨਾਤ
ਸੂਬੇ ’ਚ ਇਕ ਦਿਨ ਪਹਿਲਾਂ ਕੇਂਦਰੀ ਬਲਾਂ ਦੀਆਂ 11 ਹੋਰ ਕੰਪਨੀਆਂ ਪਹੁੰਚੀਆਂ ਸਨ। ਅਧਿਕਾਰੀ ਨੇ ਕਿਹਾ ਕਿ ਸੀਆਰਪੀਐੱਫ ਅਤੇ ਬੀਐੱਸਐੱਫ ਦੀਆਂ ਚਾਰ-ਚਾਰ ਕੰਪਨੀਆਂ ਨੂੰ ਛੇਤੀ ਹਿੰਸਾ ਵਾਲੇ ਇਲਾਕਿਆਂ ’ਚ ਭੇਜ ਦਿੱਤਾ ਜਾਵੇਗਾ। ਸੀਆਰਪੀਐੱਫ ਦੀਆਂ ਕੰਪਨੀਆਂ ’ਚੋਂ ਇਕ ਮਹਿਲਾ ਬਟਾਲੀਅਨ ਵੀ ਸ਼ਾਮਲ ਹੈ। ਕੇਂਦਰ ਨੇ ਕੁਝ ਦਿਨ ਪਹਿਲਾਂ ਮਨੀਪੁਰ ’ਚ ਕੇਂਦਰੀ ਬਲਾਂ ਦੀਆਂ 50 ਹੋਰ ਕੰਪਨੀਆਂ ਤਾਇਨਾਤ ਕਰਨ ਦਾ ਐਲਾਨ ਕੀਤਾ ਸੀ।